ਜੰਮੂ ਕਸ਼ਮੀਰ ਦੀ ਵਿਸ਼ੇਸ਼ ਐੱਨ ਆਈ ਏ ਅਦਾਲਤ ਨੇ ਅਪਰੈਲ ਵਿੱਚ ਹੋਏ ਪਹਿਲਗਾਮ ਦਹਿਸ਼ਤੀ ਹਮਲੇ ’ਚ ਸ਼ਾਮਲ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਦੋ ਮੁਲਜ਼ਮਾਂ ਦੀ ਹਿਰਾਸਤ ਦੀ ਮਿਆਦ ਤੈਅ 90 ਦਿਨਾਂ ਤੋਂ ਅੱਗੇ ਹੋਰ 45 ਦਿਨਾਂ ਲਈ ਵਧਾ ਦਿੱਤੀ ਹੈ। ਪਹਿਲਗਾਮ ਹਮਲੇ ’ਚ 26 ਸੈਲਾਨੀ ਮਾਰੇ ਗਏ ਸਨ।ਐੱਨ ਆਈ ਏ ਦੇ ਵਿਸ਼ੇਸ਼ ਜੱਜ ਸੰਦੀਪ ਗੰਡੋਤਰਾ ਵੱਲੋਂ 18 ਸਤੰਬਰ ਨੂੰ ਪਹਿਲਗਾਮ ਦੇ ਬੈਸਰਨ ਵਾਸੀ ਬਸ਼ੀਰ ਅਹਿਮਦ ਜੋਥਤ ਅਤੇ ਪਹਿਲਗਾਮ ਦੇ ਬਾਲਾਕੋਟ ਵਾਸੀ ਪਰਵੇਜ਼ ਅਹਿਮਦ ਦੇ ਰਿਮਾਂਡ ਦੀ ਮਿਆਦ ਵਧਾਈ ਗਈ। ਅਦਾਲਤ ਨੇ ਦੋਸ਼ਾਂ ਦੀ ਜਾਂਚ ਦੀ ਪ੍ਰਗਤੀ ਅਤੇ ਪੈਂਡਿੰਗ ਫੌਰੈਂਸਿਕ ਰਿਪੋਰਟ ਦੇ ਮੱਦੇਨਜ਼ਰ ਹਿਰਾਸਤ ਅਤੇ ਜਾਂਚ ਦਾ ਸਮਾਂ ਵਧਾਉਣ ਦੇ ਪੱਖ ’ਚ ਫ਼ੈਸਲਾ ਦਿੱਤਾ। ਹੁਕਮ ’ਚ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਲਈ ਮੁਲਜ਼ਮਾਂ ਮੁਹੰਮਦ ਜੋਥਤ ਤੇ ਪਰਵੇਜ਼ ਅਹਿਮਦ ਦੀ ਹਿਰਾਸਤ 45 ਦਿਨ ਹੋਰ ਵਧਾਈ ਜਾਂਦੀ ਹੈ। ਅਦਾਲਤ ਨੇ ਜਾਂਚ ਅਧਿਕਾਰੀ ਨੂੰ ਜਾਂਚ ਛੇਤੀ ਤੋਂ ਛੇਤੀ ਪੂਰੀ ਕਰਨ ਦਾ ਨਿਰਦੇਸ਼ ਵੀ ਦਿੱਤਾ। ਦੋਵਾਂ ਮੁਲਜ਼ਮਾਂ ਦਾ 90 ਦਿਨਾਂ ਦਾ ਰਿਮਾਂਡ ਅਤੇ 10 ਦਿਨਾਂ ਦੀ ਨਿਆਂਇਕ ਹਿਰਾਸਤ ਦੀ ਮਿਆਦ ਅੱਜ ਸ਼ੁੱਕਰਵਾਰ ਨੂੰ ਖਤਮ ਹੋਣੀ ਸੀ।