ਜ਼ਹਿਰੀਲਾ Coldrif cough syrup ਬਣਾਉਣ ਵਾਲੀ ਫਾਰਮਾ ਕੰਪਨੀ ਦਾ ਮਾਲਕ ਚੇਨਈ ਤੋਂ ਗ੍ਰਿਫ਼ਤਾਰ
ਦੋ ਹੋਰ ਬੱਚਿਆਂ ਦੇ ਦਮ ਤੋੜਨ ਨਾਲ ਮੌਤਾਂ ਦੀ ਗਿਣਤੀ ਵੱਧ ਕੇ 22 ਹੋਈ
ਮੱਧ ਪ੍ਰਦੇਸ਼ ਪੁਲੀਸ ਨੇ ਤਾਮਿਲਨਾਡੂ ਸਥਿਤ ਸ੍ਰੀਸਨ ਫਾਰਮਾ ਦੇ ਮਾਲਕ ਰੰਗਨਾਥਨ ਗੋਵਿੰਦਨ ਨੂੰ ਬੀਤੀ ਦੇਰ ਰਾਤ ਚੇਨਈ ਤੋਂ ਗ੍ਰਿਫ਼ਤਾਰ ਕੀਤਾ ਹੈ। ਗੋਵਿੰਦਨ ਨੂੰ ਮਿਲਾਵਟੀ ਖੰਘ ਦੀ ਦਵਾਈ ਕੋਲਡਰਿਫ ਕਾਰਨ ਘੱਟੋ-ਘੱਟ 20 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਤੇ ਡਰੱਗ ਕੰਟਰੋਲ ਅਧਿਕਾਰੀਆਂ ਵੱਲੋਂ 5 ਅਕਤੂੁਬਰ ਤੋਂ ਗੋਵਿੰਦਨ ਦੀ ਪੈੜ ਨੱਪਣ ਲਈ ਉਸ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਉਸ ਨੂੰ ਅੱਜ ਵੱਡੇ ਤੜਕੇ ਡੇਢ ਵਜੇ ਦੇ ਕਰੀਬ ਹਿਰਾਸਤ ਵਿਚ ਲੈਣ ਮਗਰੋਂ ਕਾਂਚੀਪੁਰਮ ਸਥਿਕ ਕੰਪਨੀ ਦੀ ਫੈਕਟਰੀ ਵਿਚ ਲਿਜਾਇਆ ਗਿਆ, ਜਿੱਥੋਂ ਕਈ ਅਹਿਮ ਦਸਤਾਵੇਜ਼ ਕਬਜ਼ੇ ਵਿਚ ਲਏ ਗਏ ਹਨ। ਅਥਾਰਿਟੀਜ਼ ਵੱਲੋਂ ਹੁਣ ਉਸ ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਲਿਜਾਣ ਲਈ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਹੈ। ਖੰਘ ਦੀ ਇਸ ਜ਼ਹਿਰੀਲੀ ਦਵਾਈ ਕਰਕੇ ਸਭ ਤੋਂ ਵੱਧ ਮੌਤਾਂ ਛਿੰਦਵਾੜਾ ਵਿਚ ਹੋਈਆਂ ਹਨ।
ਬੱਚਿਆਂ ਵਿੱਚ ਜ਼ੁਕਾਮ ਦੇ ਲੱਛਣਾਂ ਦੇ ਇਲਾਜ ਲਈ ਤਿਆਰ ਕੀਤੇ ਗਏ ਸਿਰਪ ਕੋਲਡਰਿਫ ਵਿੱਚ ਡਾਈਥਾਈਲੀਨ ਗਲਾਈਕੋਲ (DEG) ਖ਼ਤਰਨਾਕ ਮਾਤਰਾ ਵਿਚ ਪਾਇਆ ਗਿਆ। ਇਹ ਇਕ ਤਰ੍ਹਾਂ ਦਾ ਜ਼ਹਿਰੀਲਾ ਉਦਯੋਗਿਕ ਰਸਾਇਣ ਜੋ ਕਿ ਪ੍ਰਿੰਟਿੰਗ ਸਿਆਹੀ ਅਤੇ ਚਿਪਕਣ (Adhesive) ਵਾਲੇ ਪਦਾਰਥਾਂ ਵਰਗੇ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ। ਤਾਮਿਲਨਾਡੂ ਦੇ ਡਰੱਗ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਕੰਪਨੀ 46-48% DEG ਦੀ ਵਰਤੋਂ ਕਰ ਰਹੀ ਸੀ, ਜੋ ਕਿ 0.1% ਦੀ ਨਿਰਧਾਰਿਤ ਹੱਦ ਤੋਂ ਕਿਤੇ ਵੱਧ ਹੈ। DEG ਦਾ ਸੇਵਨ ਗੁਰਦੇ ਫੇਲ੍ਹ ਹੋਣ, ਜਿਗਰ ਨੂੰ ਨੁਕਸਾਨ ਅਤੇ ਨਿਊਰੋਲੋਜੀਕਲ ਵਿਗਾੜ ਦਾ ਕਾਰਨ ਬਣ ਸਕਦਾ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇਸ ਦਵਾਈ ਦਾ ਸੇਵਨ ਕਰਨ ਵਾਲੇ ਬੱਚਿਆਂ ਨੂੰ ਗੁਰਦੇ ਦੀਆਂ ਪੇਚੀਦਗੀਆਂ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਸ੍ਰੇਸਨ ਫਾਰਮਾ ਦੇ ਕਾਂਚੀਪੁਰਮ ਪਲਾਂਟ ਦੇ ਨਿਰੀਖਣ ਦੌਰਾਨ ਉਥੋਂ ਬਿਨਾਂ ਬਿਲ ਵਾਲੇ ਡੀਈਜੀ ਕੰਟੇਨਰ ਮਿਲੇ ਤੇ ਹੋਰ ਕਈ ਬੇਨਿਯਮੀਆਂ ਪਾਈਆਂ ਗਈਆਂ। ਕੰਪਨੀ ਕੋਲ ਇੱਕ ਵੈਧ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ (ਜੀਐਮਪੀ) ਪ੍ਰਮਾਣੀਕਰਣ ਦੀ ਵੀ ਘਾਟ ਸੀ। ਇਸ ਮਗਰੋਂ ਤਾਮਿਲਨਾਡੂ ਡਰੱਗਜ਼ ਕੰਟਰੋਲ ਅਥਾਰਟੀ ਨੇ ਉਤਪਾਦਨ ਰੋਕਣ ਦਾ ਆਦੇਸ਼ ਜਾਰੀ ਕੀਤਾ। ਸਿਰਪ ਦੇ ਪੂਰੇ ਸਟਾਕ ਨੂੰ ਫ੍ਰੀਜ਼ ਕਰ ਦਿੱਤਾ ਅਤੇ ਕੰਪਨੀ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ।
ਇਸ ਦੌਰਾਨ ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦੋ ਹੋਰ ਬੱਚਿਆਂ ਦੇ ਦਮ ਤੋੜਨ ਨਾਲ ਇਹ ਜ਼ਹਿਰੀਲੀ ਦਵਾਈ ਪੀਣ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਪੰਜ ਸਾਲਾ ਵਿਸ਼ਾਲ ਨੇ ਬੁੱਧਵਾਰ ਸ਼ਾਮੀਂ ਤੇ ਮਯੰਕ ਸੂਰਿਆਵੰਸ਼ੀ(4) ਨੇ ਦੇਰ ਰਾਤ ਨਾਗਪੁਰ ਦੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਛਿੰਦਵਾੜਾ ਦੇ ਵਧੀਕ ਕੁਲੈਕਟਰ ਧੀਰੇਂਦਰ ਸਿੰਘ ਨੇਤਰੀ ਨੇ ਕਿਹਾ ਕਿ ਦੋਵੇਂ ਬੱਚੇ ਛਿੰਦਵਾੜਾ ਦੇ ਪਾਰਾਸੀਆ ਕਸਬੇ ਤੋਂ ਸਨ।