ਮਦਰਾਸ ਹਾਈ ਕੋਰਟ ਨੇ ਅੱਜ ਤਾਮਿਲਨਾਡੂ ਸਰਕਾਰ ਨੂੰ ਸੂਬੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਜਨਤਕ ਸਮਾਗਮਾਂ ਦੇ ਸੰਚਾਲਨ ਲਈ 10 ਦਿਨਾਂ ਦੇ ਅੰਦਰ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ ਓ ਪੀ) ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਜਨਤਕ ਸਮਾਗਮਾਂ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਵੀ ਸ਼ਾਮਲ ਹਨ।
ਚੀਫ ਜਸਟਿਸ ਐੱਮ ਐੱਮ ਸ੍ਰੀਵਾਸਤਵ ਅਤੇ ਜਸਟਿਸ ਜੀ ਅਰੁਲ ਮੁਰੂਗਨ ’ਤੇ ਆਧਾਰਿਤ ਪਹਿਲੇ ਬੈਂਚ ਨੇ ਇਹ ਨਿਰਦੇਸ਼ 27 ਸਤੰਬਰ ਨੂੰ ਹੋਈ ਕਰੂਰ ਭਗਦੜ ਦੇ ਮੱਦੇਨਜ਼ਰ ਦਾਇਰ ਕਈ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਦਿੱਤਾ। ਇਸ ਭਗਦੜ ਵਿੱਚ ਅਦਾਕਾਰ ਵਿਜੈ ਦੀ ਪਾਰਟੀ ਟੀ ਵੀ ਕੇ ਵੱਲੋਂ ਕੀਤੇ ਗਏ ਰੋਡ ਸ਼ੋਅ ਦੌਰਾਨ 41 ਲੋਕਾਂ ਦੀ ਮੌਤ ਹੋ ਗਈ ਸੀ। ਸੁਣਵਾਈ ਦੌਰਾਨ ਵਧੀਕ ਐਡਵੋਕੇਟ ਜਨਰਲ ਜੇ. ਰਵਿੰਦਰਨ ਨੇ ਬੈਂਚ ਨੂੰ ਸੂਚਿਤ ਕੀਤਾ ਕਿ ਐੱਸ ਓ ਪੀ ਬਣਨ ਤੱਕ ਕਿਸੇ ਵੀ ਸਿਆਸੀ ਪਾਰਟੀ ਨੂੰ ਰੈਲੀਆਂ ਜਾਂ ਰੋਡ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਜਨਤਕ ਮੀਟਿੰਗਾਂ ਕਰਨ ’ਤੇ ਕੋਈ ਰੋਕ ਨਹੀਂ ਹੋਵੇਗੀ। ਜਦੋਂ ਬੈਂਚ ਨੇ ਪੁੱਛਿਆ ਕਿ ਐੱਸ ਓ ਪੀ ਦਾ ਖਰੜਾ ਕਦੋਂ ਤੱਕ ਤਿਆਰ ਹੋ ਜਾਵੇਗਾ, ਤਾਂ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੂੰ ਇਸ ਲਈ ਪੁਲੀਸ, ਫਾਇਰ ਵਿਭਾਗ ਅਤੇ ਸਥਾਨਕ ਨਗਰ ਨਿਗਮਾਂ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸਲਾਹ-ਮਸ਼ਵਰਾ ਕਰਨਾ ਪਵੇਗਾ ਅਤੇ ਇਸ ਲਈ ਕੁਝ ਹੋਰ ਸਮਾਂ ਚਾਹੀਦਾ ਹੈ। ਇਸ ’ਤੇ ਬੈਂਚ ਨੇ ਸਖ਼ਤੀ ਨਾਲ ਕਿਹਾ ਕਿ ਸੂਬਾ ਸਰਕਾਰ 10 ਦਿਨਾਂ ਦੇ ਅੰਦਰ ਐੱਸ ਓ ਪੀ ਤਿਆਰ ਕਰੇ, ਨਹੀਂ ਤਾਂ ਅਦਾਲਤ ਖੁਦ ਹੁਕਮ ਜਾਰੀ ਕਰੇਗੀ। ਬੈਂਚ ਨੇ ਪਟੀਸ਼ਨਾਂ ਦੀ ਅਗਲੀ ਸੁਣਵਾਈ 11 ਨਵੰਬਰ ਤੈਅ ਕੀਤੀ ਹੈ।
ਅਦਾਕਾਰ ਵਿਜੈ ਨੇ ਪੀੜਤ ਪਰਿਵਾਰਾਂ ਤੋਂ ਮੁਆਫੀ ਮੰਗੀ
ਚੇਨੱਈ: ਅਦਾਕਾਰ ਤੇ ਸਿਆਸਤਦਾਨ ਵਿਜੈ ਨੇ ਅੱਜ ਇੱਥੋਂ ਨੇੜਲੇ ਮਹਾਬਲੀਪੁਰਮ ਵਿੱਚ ਕਰੂਰ ਭਗਦੜ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਇਸ ਦੁਖਦਾਈ ਘਟਨਾ ਲਈ ਉਨ੍ਹਾਂ ਤੋਂ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਤੋਂ ਇਜਾਜ਼ਤ ਨਾ ਮਿਲਣ ਕਾਰਨ ਕਰੂਰ ਨਹੀਂ ਆ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਕਰੂਰ ਵਿੱਚ ਉਨ੍ਹਾਂ ਨੂੰ ਮਿਲਣ ਜ਼ਰੂਰ ਆਉਣਗੇ। ਇਸ ਦੌਰਾਨ ਭਾਵੁਕ ਹੁੰਦਿਆਂ ਵਿਜੈ ਨੇ ਕਿਹਾ ਕਿ ਭਾਵੇਂ ਉਹ ਉਨ੍ਹਾਂ ਦੇ ਪਿਆਰਿਆਂ ਦੇ ਨੁਕਸਾਨ ਦੀ ਭਰਪਾਈ ਕਦੇ ਨਹੀਂ ਕਰ ਸਕਦੇ, ਪਰ ਉਹ ਪੀੜਤ ਪਰਿਵਾਰਾਂ ਦਾ ਧਿਆਨ ਆਪਣੇ ਪਰਿਵਾਰ ਵਾਂਗ ਰੱਖਣਗੇ। ਉਨ੍ਹਾਂ ਨੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਨਾਲ-ਨਾਲ ਬੱਚਿਆਂ ਦੀ ਸਿੱਖਿਆ ਲਈ ਵੀ ਮਦਦ ਦਾ ਭਰੋਸਾ ਵੀ ਦਿੱਤਾ। -ਪੀਟੀਆਈ

