ਸੰਸਦੀ ਕਾਰਵਾਈ ’ਚ ਵਾਰ-ਵਾਰ ਅੜਿੱਕੇ ਕਾਰਨ ਵਿਰੋਧੀ ਧਿਰ ਦਾ ਵੱਧ ਨੁਕਸਾਨ: ਰਿਜਿਜੂ
ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਸਦਨ ਦੀ ਕਾਰਵਾਈ ਵਿੱਚ ਵਾਰ-ਵਾਰ ਅੜਿੱਕਾ ਡਾਹੁਣ ਨਾਲ ਵਿਰੋਧੀ ਧਿਰ ਨੂੰ ਵਧੇਰੇ ਨੁਕਸਾਨ ਹੁੰਦਾ ਹੈ, ਕਿਉਂਕਿ ਉਹ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦਾ ਅਹਿਮ ਮੌਕਾ ਗੁਆ ਦਿੰਦੀ ਹੈ। ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਮੌਨਸੂਨ ਇਜਲਾਸ ਦੇ ਪਹਿਲੇ ਹਫ਼ਤੇ ਵਿੱਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਵਾਰ-ਵਾਰ ਪ੍ਰਦਰਸ਼ਨ ਕਾਰਨ ਕੋਈ ਵਿਸ਼ੇਸ਼ ਕੰਮਕਾਜ ਨਹੀਂ ਹੋ ਸਕਿਆ। ਸੰਸਦੀ ਜਵਾਬਦੇਹੀ ’ਤੇ ਜ਼ੋਰ ਦਿੰਦੇ ਹੋਏ ਮੰਤਰੀ ਨੇ ਕਿਹਾ, ‘‘ਕਿਸੇ ਵੀ ਲੋਕਤੰਤਰ ਵਿੱਚ, ਸਰਕਾਰ ਨੂੰ ਸੰਸਦ ਰਾਹੀਂ ਜਨਤਾ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ। ਇਸ ਵਾਸਤੇ ਕਾਰਜਸ਼ੀਲ ਲੋਕਤੰਤਰ ਲਈ ਸਦਨ ਦੀ ਕਾਰਵਾਈ ਚੱਲਣ ਦੇਣੀ ਜ਼ਰੂਰੀ ਹੈ।’’‘ਪ੍ਰਾਈਮ ਪੁਆਇੰਟ ਫਾਊਂਡੇਸ਼ਨ’ ਵੱਲੋਂ ਕਰਵਾਏ ਗਏ ਸੰਸਦ ਰਤਨ ਪੁਰਸਕਾਰ ਸਮਾਰੋਹ ਵਿੱਚ ਰਿਜਿਜੂ ਨੇ ਚੇਤੇ ਕਰਵਾਇਆ ਕਿ ਕਿਵੇਂ ਅਫ਼ਸਰਸ਼ਾਹ ਸੰਸਦ ਦੀ ਕਾਵਰਾਈ ਮੁਲਤਵੀ ਹੋਣ ’ਤੇ ਕਦੇ-ਕਦੇ ਰਾਹਤ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਦੱਸ ਦੇਵਾਂ ਕਿ ਜਦੋਂ ਸੰਸਦ ਨਹੀਂ ਚੱਲਦੀ ਤਾਂ ਅਧਿਕਾਰੀ ਰਾਹਤ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਸਵਾਲਾਂ ਤੋਂ ਛੋਟ ਮਿਲ ਜਾਂਦੀ ਹੈ। ਸੰਸਦ ਵਿੱਚ ਸਰਕਾਰ ਨੂੰ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ। ਜਦੋਂ ਸਦਨ ਚੱਲਦਾ ਹੈ ਤਾਂ ਮੰਤਰੀਆਂ ਨੂੰ ਮੁਸ਼ਕਲ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸਦਨ ਦੀ ਕਾਰਵਾਈ ਕੁਝ ਹੀ ਮਿੰਟਾਂ ਵਿੱਚ ਮੁਲਤਵੀ ਹੋ ਜਾਂਦੀ ਹੈ ਤਾਂ ਉਹ ਸਵਾਲ ਵੀ ਨਹੀਂ ਚੁੱਕੇ ਜਾਂਦੇ। ਸੰਸਦ ਦੀ ਕਾਰਵਾਈ ਵਿੱਚ ਅੜਿੱਕਾ ਡਾਹੁਣ ਨਾਲ ਸਰਕਾਰ ਨਾਲੋਂ ਵੱਧ ਨੁਕਸਾਨ ਵਿਰੋਧੀ ਧਿਰ ਨੂੰ ਹੁੰਦਾ ਹੈ।’’ ਰਿਜਿਜੂ ਨੇ ਕਿਹਾ, ‘‘ਸਦਨ ਦੀ ਕਾਰਵਾਈ ਵਿੱਚ ਅੜਿੱਕਾ ਡਾਹੁਣ ਵਾਲਿਆਂ ਨੂੰ ਲੱਗਦਾ ਹੈ ਕਿ ਉਹ ਸਰਕਾਰ ਨੂੰ ਨੁਕਸਾਨ ਪਹੁੰਚਾ ਰਹੇ ਹਨ ਪਰ ਅਸਲ ਵਿੱਚ ਉਹ ਲੋਕੰਤਤਰ ਵਿੱਚ ਆਪਣੀ ਭੂਮਿਕਾ ਨੂੰ ਕਮਜ਼ੋਰ ਕਰ ਰਹੇ ਹੁੰਦੇ ਹਨ।’’