ਵਕਫ਼ ਬਾਰੇ ਸਾਂਝੀ ਸੰਸਦੀ ਕਮੇਟੀ ’ਚੋਂ ਵਿਰੋਧੀ ਧਿਰ ਦੇ ਮੈਂਬਰ ਮੁਅੱਤਲ
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਮੇਟੀ ਦੇ ਚੇਅਰਮੈਨ ’ਤੇ ਲਾਇਆ ਮਨਮਰਜ਼ੀ ਕਰਨ ਦਾ ਦੋਸ਼; ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਦਖ਼ਲ ਮੰਗਿਆ
* 29 ਨੂੰ ਰਿਪੋਰਟ ਬਾਰੇ ਖਰੜਾ ਸਵੀਕਾਰ ਕਰ ਸਕਦੀ ਹੈ ਕਮੇਟੀ
* ਜਗਦੰਬਿਕਾ ਪਾਲ ਨੇ ਵਿਰੋਧੀ ਧਿਰ ਵੱਲੋਂ ਹੰਗਾਮਾ ਕਰਨ ਦਾ ਕੀਤਾ ਦਾਅਵਾ
ਨਵੀਂ ਦਿੱਲੀ, 24 ਜਨਵਰੀ
ਵਕਫ਼ ਸੋਧ ਬਿੱਲ ’ਤੇ ਵਿਚਾਰ ਕਰ ਰਹੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਮੀਟਿੰਗ ਅੱਜ ਹੰਗਾਮਾ ਭਰਪੂਰ ਰਹੀ ਅਤੇ ਵਿਰੋਧੀ ਧਿਰ ਦੇ ਦਸ ਮੈਂਬਰਾਂ ਨੂੰ ਉਨ੍ਹਾਂ ਦੇ ਰਵੱਈਏ ਕਾਰਨ ਕਮੇਟੀ ਤੋਂ ਇੱਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਵਿਰੋਧੀ ਮੈਂਬਰਾਂ ਨੇ ਕਮੇਟੀ ਦੇ ਚੇਅਰਮੈਨ ਜਗਦੰਬਿਕਾ ਪਾਲ ’ਤੇ ਮਨਮਰਜ਼ੀ ਕਰਨ ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਹ ਸਰਕਾਰ ਦੀਆਂ ਹਦਾਇਤਾਂ ’ਤੇ ਕੰਮ ਕਰ ਰਹੇ ਹਨ।
ਵਿਰੋਧੀ ਧਿਰ ਦੇ ਇਨ੍ਹਾਂ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਕਮੇਟੀ ਆਪਣੀ ਰਿਪੋਰਟ ਦੇ ਖਰੜੇ ਨੂੰ ਸਵੀਕਾਰ ਕਰਨ ਦੀ ਦਿਸ਼ਾ ’ਚ ਅੱਗੇ ਵੱਧ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਮੇਟੀ 29 ਜਨਵਰੀ, 2025 ਨੂੰ ਰਿਪੋਰਟ ਦਾ ਖਰੜਾ ਸਵੀਕਾਰ ਕਰ ਸਕਦੀ ਹੈ। ਮੁਅੱਤਲੀ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਹ ਪਾਲ ਨੂੰ ਕਮੇਟੀ ਦੀ ਕਾਰਵਾਈ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਚਲਾਉਣ ਦੀ ਹਦਾਇਤ ਕਰਨ ਅਤੇ 27 ਜਨਵਰੀ ਨੂੰ ਤਜਵੀਜ਼ ਕੀਤੀ ਕਮੇਟੀ ਦੀ ਅਗਲੀ ਮੀਟਿੰਗ ਮੁਲਤਵੀ ਕੀਤੀ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਕਮੇਟੀ ਦੀ ਅੱਜ ਹੋਈ ਮੀਟਿੰਗ ’ਚ ਹੰਗਾਮਾ ਹੋਇਆ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਪਾਲ ’ਤੇ ਨਿਯਮਾਂ ਦੀ ਉਲੰਘਣਾ ਤੇ ਮਨਮਰਜ਼ੀ ਕਰਨ ਦਾ ਦੋਸ਼ ਲਾਇਆ। ਦੂਜੇ ਪਾਸੇ ਪਾਲ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੀਟਿੰਗ ’ਚ ਅੜਿੱਕਾ ਪਾਉਣ ਦੇ ਮਕਸਦ ਨਾਲ ਹੰਗਾਮਾ ਕੀਤਾ ਹੈ। ਉਨ੍ਹਾਂ ਟੀਐੱਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ’ਤੇ ਅਪਸ਼ਬਦ ਬੋਲਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਮੀਟਿੰਗ ਸਹੀ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਦੋ ਵਾਰ ਮੁਲਤਵੀ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਕਮੇਟੀ ਨੇ ਸਵੀਕਾਰ ਕਰ ਲਿਆ। ਮੁਅੱਤਲ ਕੀਤੇ ਮੈਂਬਰਾਂ ’ਚ ਟੀਐੱਮਸੀ ਤੇ ਕਲਿਆਣ ਬੈਨਰਜੀ ਤੇ ਨਦੀਮ ਉਲ ਹੱਕ, ਕਾਂਗਰਸ ਦੇ ਮੁਹੰਮਦ ਜਾਵੇਦ, ਇਮਰਾਨ ਮਸੂਦ ਤੇ ਸਈਦ ਨਾਸਿਰ ਹੁਸੈਨ, ਡੀਐੱਮਕੇ ਦੇ ਏ. ਰਾਜਾ ਤੇ ਮੁਹੰਮਦ ਅਬਦੁੱਲ੍ਹਾ, ਏਆਈਐੱਮਆਈਐੱਮ ਦੇ ਅਸਦੁੱਦੀਨ ਓਵਾਇਸੀ, ਸਪਾ ਦੇ ਮੋਹਿਬੁੱਲ੍ਹਾ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਅਰਵਿੰਦ ਸਾਵੰਤ ਸ਼ਾਮਲ ਹਨ।
ਵਿਰੋਧੀ ਦੇ ਮੈਂਬਰਾਂ ਨੂੰ ਉਸ ਦਿਨ ਮੁਅੱਤਲ ਕੀਤਾ ਗਿਆ ਹੈ, ਜਦੋਂ ਕਸ਼ਮੀਰ ਦੇ ਧਾਰਮਿਕ ਮੁਖੀ ਮੀਰਵਾਈਜ਼ ਉਮਰ ਫਾਰੂਕ ਦੀ ਅਗਵਾਈ ਹੇਠ ਜੰਮੂ ਕਸ਼ਮੀਰ ਦਾ ਵਫ਼ਦ ਸੋਧ ਬਿੱਲ ਬਾਰੇ ਸਾਂਝੀ ਕਮੇਟੀ ਕੋਲ ਪੇਸ਼ ਹੋਇਆ ਹੈ। -ਪੀਟੀਆਈ
ਵਕਫ਼ ਦੀ ਖ਼ੁਦਮੁਖਤਿਆਰੀ ਲਈ ਬਿੱਲ ਦੀਆਂ ਤਜਵੀਜ਼ਾਂ ਖਤਰਾ: ਮੀਰਵਾਈਜ਼
ਨਵੀਂ ਦਿੱਲੀ:
ਜੰਮੂ ਕਸ਼ਮੀਰ ਮੁਤਾਹਿਦਾ ਮਲਿਸ-ਏ-ਉਲੇਮਾ (ਐੱਮਐੱਮਯੂ) ਦੇ ਸਰਪ੍ਰਸਤ ਮੀਰਵਾਈਜ਼ ਉਮਰ ਫ਼ਾਰੂਕ ਨੇ ਅੱਜ ਵਕਫ਼ ਕਾਨੂੰਨ ’ਚ ਤਜਵੀਜ਼ ਕੀਤੀਆਂ ਸੋਧਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਤਬਦੀਲੀਆਂ ਵਕਫ਼ ਦੀ ਖੁਦਮੁਖਤਿਆਰੀ ਤੇ ਇਸ ਦੀ ਕਾਰਗੁਜ਼ਾਰੀ ਲਈ ਖ਼ਤਰਾ ਹਨ। ਤਜਵੀਜ਼ ਕੀਤੇ ਵਕਫ (ਸੋਧ) ਬਿੱਲ, 2024 ਸਬੰਧੀ ਸਾਂਝੀ ਸੰਸਦੀ ਕਮੇਟੀ ਨੂੰ ਯਾਦ ਪੱਤਰ ਦਿੰਦਿਆਂ ਐੱਮਐੱਮਯੂ ਨੇ ਕਿਹਾ ਕਿ ਕੁਲੈਕਟਰ ਨੂੰ ਸਿਰਫ਼ ਹੁਕਮ ਪਾਸ ਕਰਕੇ ਤੇ ਮਾਲ ਵਿਭਾਗ ’ਚ ਐਂਟਰੀਆਂ ’ਚ ਤਬਦੀਲੀ ਕਰਕੇ ਵਕਫ ਜਾਇਦਾਦਾਂ ਨੂੰ ‘ਸਰਕਾਰੀ ਜਾਇਦਾਦਾਂ’ ਵਿੱਚ ਤਬਦੀਲ ਕਰਨ ਦੀ ਸ਼ਕਤੀ ਦਿੱਤੀ ਗਈ ਹੈ। ਮੀਰਵਾਈਜ਼, ਜੋ ਵੱਖਵਾਦੀ ਧੜੇ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਵੀ ਹਨ, ਨੇ ਯਾਦ ਪੱਤਰ ’ਚ ਕਿਹਾ ਕਿ ਵਿਵਾਦਤ ਤੇ ਨਿਰਵਿਵਾਦ ਦੋਵਾਂ ਵਕਫ ਜਾਇਦਾਦਾਂ ਦੇ ਸਬੰਧ ਵਿੱਚ ਕੁਲੈਕਟਰ ਨੂੰ ਦਿੱਤੀਆਂ ਗਈਆਂ ਇਕਪਾਸੜ ਤਾਕਤਾਂ ਉਨ੍ਹਾਂ ਨੂੰ ਵੱਧ ਕੰਟਰੋਲ ਦਿੰਦੀਆਂ ਹਨ। -ਪੀਟੀਆਈ

