ਮੁਕਤ ਵਪਾਰ ਸਮਝੌਤੇ ਤਹਿਤ ਮੌਕੇ ਬੇਮਿਸਾਲ ਨੇ: ਸਟਾਰਮਰ
125 ਮੈਂਬਰੀ ਵਫ਼ਦ ਦੇ ਨਾਲ ਦੋ ਰੋਜ਼ਾ ਭਾਰਤ ਦੌਰੇ ’ਤੇ ਪੁੱਜੇ ਬਰਤਾਨਵੀ ਪ੍ਰਧਾਨ ਮੰਤਰੀ
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਕਿਹਾ ਕਿ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ਤਹਿਤ ਮਿਲਣ ਵਾਲੇ ਮੌਕੇ ਬੇਮਿਸਾਲ ਹਨ। ਸਟਾਰਮਰ ਪ੍ਰਧਾਨ ਮੰਤਰੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਭਾਰਤ ਦੌਰੇ ਤਹਿਤ ਅੱਜ ਮੁੰਬਈ ਪੁੱਜੇ। ਉਨ੍ਹਾਂ ਕਿਹਾ ਕਿ ਵਪਾਰ ਸਮਝੌਤਾ 2028 ਤੱਕ ਤੀਜਾ ਸਭ ਤੋਂ ਵੱਡਾ ਆਲਮੀ ਅਰਥਚਾਰਾ ਬਣਨ ਵਾਲੇ ਭਾਰਤ ਨਾਲ ਦੁਵੱਲੇ ਵਪਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹ ਦੇਣ ਵਾਸਤੇ ਇਕ ‘ਲਾਂਚਪੈਡ’ ਹੈ।
ਸਟਾਰਮਰ ਬਰਤਾਨੀਆ ਦੇ ਵਪਾਰ ਜਗਤ ਦੇ ਚੋਟੀ ਦੇ ਆਗੂਆਂ, ਉੱਦਮੀਆਂ ਅਤੇ ਯੂਨੀਵਰਸਿਟੀਆਂ ਦੇ ਚਾਂਸਲਰਾਂ ਸਣੇ 125 ਮੈਂਬਰੀ ਵਫ਼ਦ ਦੇ ਨਾਲ ਅੱਜ ਦੋ ਰੋਜ਼ਾ ਦੌਰੇ ’ਤੇ ਮੁੰਬਈ ਪੁੱਜੇ। ਮਹਾਰਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਣੇ ਹੋਰ ਆਗੂਆਂ ਨੇ ਉਨ੍ਹਾਂ ਦਾ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਰਤਾਨਵੀ ਹਮਰੁਤਬਾ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਭਾਰਤ ਦੌਰੇ ਨੂੰ ਇਤਿਹਾਸਕ ਕਰਾਰ ਦਿੱਤਾ। ਮੋਦੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਬਰਤਾਨੀਆ ਤੋਂ ਹੁਣ ਤੱਕ ਦੇ ਸਭ ਤੋਂ ਵੱਡੇ ਵਪਾਰਕ ਵਫ਼ਦ ਦੇ ਨਾਲ ਭਾਰਤ ਦੇ ਪਹਿਲੇ ਇਤਿਹਾਸਕ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੁਹਾਡਾ ਸਵਾਗਤ ਹੈ। ਇਕ ਮਜ਼ਬੂਤ, ਸਾਂਝੇ ਖੁਸ਼ਹਾਲ ਭਵਿੱਖ ਦੇ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਭਲਕੇ ਹੋਣ ਵਾਲੀ ਸਾਡੀ ਮੀਟਿੰਗ ਦਾ ਇੰਤਜ਼ਾਰ ਹੈ।’’ ਜ਼ਿਕਰਯੋਗ ਹੈ ਕਿ ਸਟਾਰਮਰ ਤੇ ਪ੍ਰਧਾਨ ਮੰਤਰੀ ਮੋਦੀ ਦੁਵੱਲੇ ਸਬੰਧਾਂ ਨੂੰ ਹੋਰ ਬੜ੍ਹਾਵਾ ਦੇਣ ਦੇ ਤਰੀਕਿਆਂ ਦਾ ਪਤਾ ਲਗਾਉਣ ਲਈ ਵੀਰਵਾਰ ਨੂੰ ਵਿਆਪਕ ਗੱਲਬਾਤ ਕਰਨਗੇ।
ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਜੁਲਾਈ ਵਿੱਚ ਭਾਰਤ ਦੇ ਨਾਲ ਇਕ ਵੱਡਾ ਵਪਾਰ ਸਮਝੌਤਾ ਕੀਤਾ ਸੀ ਜੋ ਕਿਸੇ ਵੀ ਦੇਸ਼ ਵੱਲੋਂ ਕੀਤਾ ਗਿਆ ਸਭ ਤੋਂ ਵਧੀਆ ਸਮਝੌਤਾ ਹੈ ਪਰ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ।’’ ਉਨ੍ਹਾਂ ਕਿਹਾ, ‘‘ਇਹ ਸਿਰਫ਼ ਇਕ ਕਾਗਜ਼ ਦਾ ਟੁਕੜਾ ਨਹੀਂ ਹੈ, ਇਹ ਵਿਕਾਸ ਦਾ ਇਕ ‘ਲਾਂਚਪੈਡ’ ਹੈ। ਭਾਰਤ ਨਾਲ ਵਪਾਰ ਤੇਜ਼ ਤੇ ਸਸਤਾ ਹੋਣ ਵਾਲਾ ਹੈ ਤਾਂ ਅਜਿਹੇ ਵਿੱਚ ਜਿਹੜੇ ਮੌਕੇ ਪੈਦਾ ਹੋਣੇ ਹਨ, ਉਹ ਬੇਮਿਸਾਲ ਹਨ।’’ ਸਟਾਰਮਰ ਨੇ ਕਿਹਾ ਕਿ ਭਾਰਤ ਵਿੱਚ ਵਿਕਾਸ ਦਾ ਮਤਲਬ ਬਰਤਾਨਵੀ ਲੋਕਾਂ ਲਈ ਦੇਸ਼ ਵਿੱਚ ਵਧੇਰੇ ਬਦਲ, ਸਥਿਰਤਾ ਅਤੇ ਰੁਜ਼ਗਾਰ ਹੈ।
ਇਸੇ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਮੁੰਬਈ ਦੇ ਉਪ ਨਗਰ ਅੰਧੇਰੀ ਸਥਿਤ ਯਸ਼ਰਾਜ ਫਿਲਮਜ਼ (ਵਾਈ ਆਰ ਐੱਫ) ਸਟੂਡੀਓ ਦਾ ਦੌਰਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਵਾਈ ਆਰ ਐੱਫ ਸਣੇ ਪ੍ਰਮੁੱਖ ਭਾਰਤੀ ਪ੍ਰੋਡਕਸ਼ਨ ਹਾਊਸ ਬਰਤਾਨੀਆ ਵਿੱਚ ਵੱਖ-ਵੱਖ ਥਾਵਾਂ ’ਤੇ ਫਿਲਮਾਂ ਬਣਾਉਣਗੇ। ਸਟਾਰਮਰ ਦੇ ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਬਰਤਾਨੀਆ ਫਿਲਮ ਉਦਯੋਗ ਦਾ ਇਕ ਵਫ਼ਦ ਵੀ ਆਇਆ ਹੈ, ਜਿਸ ਵਿੱਚ ਬਰਤਾਨੀਆ ਫਿਲਮ ਇੰਸਟੀਚਿਊਟ, ਬਰਤਾਨੀਆ ਫਿਲਮ ਉਦਯੋਗ, ਪਾਈਨਵੁੱਡ ਸਟੂਡੀਓ, ਐਲਸਟਰੀ ਸਟੂਡੀਓ ਅਤੇ ਸਿਵਿਕ ਸਟੂਡੀਓ ਦੇ ਨਮੁਾਇੰਦੇ ਸ਼ਾਮਲ ਹਨ। ਇਕ ਸੂਤਰ ਨੇ ਦੱਸਿਆ ਕਿ ਸਟਾਰਮਰ ਤੇ ਭਾਰਤੀ ਫਿਲਮ ਨਿਰਮਾਤਾਵਾਂ ਦਰਮਿਆਨ ਮੀਟਿੰਗ ਲਗਪਗ 30 ਤੋਂ 40 ਮਿੰਟ ਤੱਕ ਚੱਲੀ। -ਪੀਟੀਆਈ
ਫੁਟਬਾਲ ਸ਼ੋਅਕੇਸ ’ਚ ਸ਼ਾਮਲ ਹੋਏ ਬਰਤਾਨਵੀ ਪ੍ਰਧਾਨ ਮੰਤਰੀ
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅੱਜ ਇੱਥੇ ਇੰਗਲਿਸ਼ ਪ੍ਰੀਮੀਅਰ ਲੀਗ ਵੱਲੋਂ ਕਰਵਾਏ ਗਏ ਇਕ ਫੁਟਬਾਲ ਸ਼ੋਅਕੇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਸਟਾਰਮਰ ਅੱਜ ਦਿਨ ਵੇਲੇ ਲੰਡਨ ਤੋਂ ਇੱਥੇ ਪੁੱਜੇ ਸਨ ਅਤੇ ਪੁਲੀਸ ਦੀ ਸਖ਼ਤ ਸੁਰੱਖਿਆ ਵਿਚਾਲੇ ਪ੍ਰੋਗਰਾਮ ਲਈ ਦੱਖਣੀ ਮੁੰਬਈ ਦੇ ਕੂਪਰੇਜ ਫੁਟਬਾਲ ਮੈਦਾਨ ਪੁੱਜੇ। ਇਹ ਪ੍ਰੋਗਰਾਮ ਕਰਵਾਉਣ ਦਾ ਮਕਸਦ ਖੇਡ ਕੂਟਨੀਤੀ ਨੂੰ ਬੜ੍ਹਾਵਾ ਦੇਣਾ ਤੇ ਫੁਟਬਾਲ ਦੇ ਖੇਤਰ ਵਿੱਚ ਬਰਤਾਨੀਆ ਤੇ ਭਾਰਤ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇੰਗਲੈਂਡ ਦੇ ਸਾਬਕਾ ਕੌਮਾਂਤਰੀ ਖਿਡਾਰੀ ਮਾਈਕਲ ਓਵਨ ਵੀ ਸਥਾਨਕ ਫੁਟਬਾਲ ਪ੍ਰੇਮੀਆਂ ਅਤੇ ਨੌਜਵਾਨ ਖਿਡਾਰੀਆਂ ਦੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। -ਪੀਟੀਆਈ