Operation Sindoor ‘ਆਪ੍ਰੇਸ਼ਨ ਸਿੰਦੂਰ’ ਵਿਰੋਧੀ ਧਿਰ ਵੱਲੋਂ ਹਥਿਆਰਬੰਦ ਫੌਜਾਂ ਦਾ ਸਮਰਥਨ
ਅਦਿਤੀ ਟੰਡਨ
ਨਵੀਂ ਦਿੱਲੀ, 7 ਮਈ
Operation Sindoor: 22 ਅਪਰੈਲ ਨੂੰ ਪਹਿਲਗਾਮ ਵਿਚ 26 ਸੈਲਾਨੀਆਂ ਦੀ ਹੱਤਿਆ ਦਾ ਬਦਲਾ ਲੈਣ ਲਈ ਪਾਕਿਸਤਾਨ ਵਿਰੁੱਧ ਫੌਜੀ ਜਵਾਬੀ ਕਾਰਵਾਈ ’ਤੇ ਵਿਰੋਧੀ ਪਾਰਟੀਆਂ ਅਤੇ ਸੱਤਾਧਾਰੀ ਭਾਜਪਾ ਅੱਜ ਹਥਿਆਰਬੰਦ ਫੌਜਾਂ ਦੀ ਪਿੱਠ ’ਤੇ ਆ ਖੜ੍ਹੀਆਂ ਹਨ। ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਫੌਜਾਂ ਨੂੰ ਸਲਾਮ ਕੀਤਾ ਅਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਅਤੇ ਐੱਨਸੀਪੀ ਸਪਾ ਦੇ ਸ਼ਰਦ ਪਵਾਰ ਨੇ ਵੀ ਕਾਰਵਾਈ ਦੀ ਸ਼ਲਾਘਾ ਕੀਤੀ।
ਮਲਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਰਤ ਕੋਲ ਪਾਕਿਸਤਾਨ ਅਤੇ ਪੀਓਕੇ ਤੋਂ ਪੈਦਾ ਹੋਣ ਵਾਲੇ ਹਰ ਤਰ੍ਹਾਂ ਦੇ ਅਤਿਵਾਦ ਵਿਰੁੱਧ ਇਕ ਅਡੋਲ ਰਾਸ਼ਟਰੀ ਨੀਤੀ ਹੈ। ਖੜਗੇ ਨੇ ਕਿਹਾ, ‘‘ਸਾਨੂੰ ਆਪਣੀਆਂ ਭਾਰਤੀ ਹਥਿਆਰਬੰਦ ਸੈਨਾਵਾਂ ’ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਪਾਕਿਸਤਾਨ ਅਤੇ ਪੀਓਕੇ ਵਿਚ ਅਤਿਵਾਦੀ ਕੈਂਪਾਂ ਨੂੰ ਰੋਕਿਆ ਹੈ। ਅਸੀਂ ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਹਿੰਮਤ ਦੀ ਸ਼ਲਾਘਾ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਦੇ ਦਿਨ ਤੋਂ ਕਾਂਗਰਸ ਸਰਹੱਦ ਪਾਰ ਅਤਿਵਾਦ ਵਿਰੁੱਧ ਕੋਈ ਵੀ ਫੈਸਲਾਕੁੰਨ ਕਾਰਵਾਈ ਕਰਨ ਲਈ ਹਥਿਆਰਬੰਦ ਸੈਨਾਵਾਂ ਅਤੇ ਸਰਕਾਰ ਦੇ ਨਾਲ ਸਪੱਸ਼ਟ ਤੌਰ ’ਤੇ ਖੜ੍ਹੀ ਹੈ।
India has an unflinching National Policy against all forms of terrorism emanating from Pakistan and PoK.
We are extremely proud of our Indian Armed Forces who have stuck terror camps in Pakistan and PoK. We applaud their resolute resolve and courage.
Since the day of the…
— Mallikarjun Kharge (@kharge) May 7, 2025
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, "ਸਾਡੀਆਂ ਹਥਿਆਰਬੰਦ ਸੈਨਾਵਾਂ 'ਤੇ ਮਾਣ ਹੈ। ਜੈ ਹਿੰਦ!"
ਇਕ ਸੰਦੇਸ਼ ਵਿਚ ਸ਼ਰਦ ਪਵਾਰ ਨੇ ਟਵੀਟ ਕੀਤਾ ਕਿ ਹਰ ਭਾਰਤੀ ਨੂੰ ਭਾਰਤੀ ਫੌਜ ’ਤੇ ਪੂਰਾ ਵਿਸ਼ਵਾਸ ਹੈ, ਜੋ ਆਪਣੀ ਛਾਤੀ ’ਤੇ ਗੋਲੀਆਂ ਖਾ ਕੇ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਕਰਦੀ ਹੈ। ਪਵਾਰ ਨੇ ਲਿਖਿਆ, ‘‘ਸਾਰੇ ਭਾਰਤੀ ਸੈਨਿਕਾਂ ਨੂੰ ਦਿਲੋਂ ਵਧਾਈਆਂ ਜਿਨ੍ਹਾਂ ਨੇ ਭਾਰਤ ਦੀ ਪ੍ਰਭੂਸੱਤਾ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਬਣਾਈ ਰੱਖਿਆ ਅਤੇ ਪਹਿਲਗਾਮ ਹਮਲੇ ਦਾ ਢੁਕਵਾਂ ਜਵਾਬ ਦਿੱਤਾ! ਜੈ ਹਿੰਦ!।’’ ਉਧਰ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਲਿਖਿਆ, "ਹਿੰਮਤ ਜਿੱਤਦੀ ਹੈ।"
ਹਥਿਆਰਬੰਦ ਬਲਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ; ਏਕਤਾ ਰੱਖਣ ਦਾ ਸਮਾਂ: ਕਾਂਗਰਸ
ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਅਤੇ ਪੀਓਕੇ ਵਿਚ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਮਿਜ਼ਾਈਲ ਹਮਲਿਆਂ ਦੇ ਸਬੰਧ ਵਿਚ ਕਾਂਗਰਸ ਪਾਰਟੀ ਨੇ ਕਿਹਾ ਕਿ ਇਹ ਏਕਤਾ ਅਤੇ ਇਕਜੁਟਤਾ ਦਾ ਸਮਾਂ ਹੈ ਕਾਂਗਰਸ ਹਥਿਆਰਬੰਦ ਬਲਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਕਿਸਤਾਨ ਅਤੇ ਪੀਓਕੇ ਵਿਚ ਅਤਿਵਾਦ ਦੇ ਸਾਰੇ ਸਰੋਤਾਂ ਨੂੰ ਖਤਮ ਕਰਨ ਲਈ ਭਾਰਤ ਦੀ ਵਚਨਬੱਧਤਾ ਜ਼ਰੂਰੀ ਤੌਰ ’ਤੇ ਸਮਝੌਤਾ ਰਹਿਤ ਹੋਣੀ ਚਾਹੀਦੀ ਹੈ ਅਤੇ ਹਮੇਸ਼ਾ ਸਰਬਉੱਚ ਰਾਸ਼ਟਰੀ ਹਿੱਤ ਵਿਚ ਟਿਕੀ ਹੋਣੀ ਚਾਹੀਦੀ ਹੈ।
ਜੈਰਾਮ ਰਮੇਸ਼ ਨੇ X 'ਤੇ "ਆਪ੍ਰੇਸ਼ਨ ਸਿੰਦੂਰ" ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਕਿਹਾ, "ਇਹ ਏਕਤਾ ਅਤੇ ਇਕਜੁਟਤਾ ਦਾ ਸਮਾਂ ਹੈ। 22 ਅਪਰੈਲ ਦੀ ਰਾਤ ਤੋਂ ਹੀ ਕਾਂਗਰਸ ਸਪੱਸ਼ਟ ਤੌਰ ’ਤੇ ਕਹਿ ਰਹੀ ਹੈ ਕਿ ਪਹਿਲਗਾਮ ਅਤਿਵਾਦੀ ਹਮਲੇ ਦੇ ਪ੍ਰਤੀ ਰਾਸ਼ਟਰ ਦੇ ਜਵਾਬ ਵਿਚ ਸਰਕਾਰ ਨੂੰ ਸਾਡਾ ਪੂਰਾ ਸਮਰਥਨ ਪ੍ਰਾਪਤ ਹੋਵੇਗਾ। ਕਾਂਗਰਸ ਸਾਡੇ ਹਥਿਆਰਬੰਦ ਬਲਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।’’-ਪੀਟੀਆਈ