ਅਪਰੇਸ਼ਨ ਸਿੰਧੂਰ: ਬੀਐੱਸਐੱਫ ਨੇ ਜਵਾਬੀ ਕਾਰਵਾਈ ’ਚ 76 ਚੌਕੀਆਂ ਨੂੰ ਨਿਸ਼ਾਨਾ ਬਣਾਇਆ
ਜੰਮੂ, 27 ਮਈ
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਅੱਜ ਦੱਸਿਆ ਕਿ ਉਸ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਜੰਮੂ ਵਿੱਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਰੇਂਜਰਾਂ ਦੀ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਗਈ ਗੋਲੀਬਾਰੀ ਅਤੇ ਗੋਲਾਬਾਰੀ ਦਾ ਢੁਕਵਾਂ ਜਵਾਬ ਦਿੰਦਿਆਂ ਪਾਕਿਸਤਾਨ ਦੀਆਂ 76 ਸਰਹੱਦੀ ਚੌਕੀਆਂ ਅਤੇ 42 ਫਾਰਵਰਡ ਡਿਫੈਂਸ ਚੌਕੀਆਂ (ਐੱਫਡੀਐੱਲ) ਨੂੰ ਨਿਸ਼ਾਨਾ ਬਣਾਇਆ। ਬੀਐੱਸਐੱਫ ਨੇ ਕਿਹਾ ਕਿ ਉਸ ਨੇ ਤਿੰਨ ‘ਅਤਿਵਾਦੀ ਲਾਂਚ ਪੈਡ’ ਵੀ ਤਬਾਹ ਕੀਤੇ, ਜਿੱਥੋਂ ਅਤਿਵਾਦੀਆਂ ਦੇ ਘੁਸਪੈਠ ਕਰਨ ਦਾ ਸ਼ੱਕ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਨੇ ਇਹ ਕਾਰਵਾਈ ਪਾਕਿਸਤਾਨ ਵੱਲੋਂ 60 ਭਾਰਤੀ ਚੌਕੀਆਂ ਅਤੇ 49 ਫਾਰਵਰਡ ਡਿਫੈਂਸ ਚੌਕੀਆਂ ’ਤੇ ਭਾਰੀ ਗੋਲੀਬਾਰੀ ਅਤੇ ਗੋਲਾਬਾਰੀ ਸ਼ੁਰੂ ਕੀਤੇ ਜਾਣ ਤੋਂ ਬਾਅਦ ਕੀਤੀ, ਜਿਸ ਦਾ ਮਕਸਦ ਕਥਿਤ ਤੌਰ ’ਤੇ 40-50 ਅਤਿਵਾਦੀਆਂ ਨੂੰ ਸਰਹੱਦ ਪਾਰ ਘੁਸਪੈਠ ਕਰਵਾਉਣਾ ਸੀ। ਬੀਐੱਸਐੱਫ ਦੇ ਡੀਆਈਜੀ ਚਿੱਤਰਪਾਲ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, ‘ਪਾਕਿਸਤਾਨ ਨੇ ਸਾਡੀਆਂ 60 ਸਰਹੱਦੀ ਚੌਕੀਆਂ ਅਤੇ 49 ਫਾਰਵਰਡ ਡਿਫੈਂਸ ਚੌਕੀਆਂ ’ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਅਸੀਂ ਉਨ੍ਹਾਂ ਦੀਆਂ 76 ਚੌਕੀਆਂ ਅਤੇ 42 ਫਾਰਵਰਡ ਡਿਫੈਂਸ ਚੌਕੀਆਂ ’ਤੇ ਗੋਲੀਬਾਰੀ ਕੀਤੀ।’ ਉਨ੍ਹਾਂ ਕਿਹਾ ਕਿ ਸੁੰਦਰਬਨੀ ਸੈਕਟਰ ਨੇੜੇ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਦਾ ‘ਅਤਿਵਾਦੀ ਲਾਂਚ ਪੈਡ’ ਵੀ ਤਬਾਹ ਕਰ ਦਿੱਤਾ ਗਿਆ। ਉਨ੍ਹਾਂ ਕਿਹਾ, ‘ਉਸ ਇਲਾਕੇ ਤੋਂ ਹੁਣ ਕੋਈ ਹਰਕਤ ਨਹੀਂ ਦੇਖੀ ਗਈ।’
ਬੀਐੱਸਐੱਫ ਜੰਮੂ ਫਰੰਟੀਅਰ ਦੇ ਇੰਸਪੈਕਟਰ ਜਨਰਲ (ਆਈਜੀ) ਸ਼ਸ਼ਾਂਕ ਆਨੰਦ ਨੇ ਕਿਹਾ ਕਿ ਖੁਫੀਆ ਜਾਣਕਾਰੀ ਤੋਂ ਪੁਸ਼ਟੀ ਹੋਈ ਹੈ ਕਿ ਕਈ ਲਾਂਚ ਪੈਡ ਤਬਾਹ ਹੋਏ ਹਨ ਅਤੇ ਸਟੀਕ ਹਮਲਿਆਂ ਦੌਰਾਨ ਕਈ ਅਤਿਵਾਦੀਆਂ ਅਤੇ ਪਾਕਿਸਤਾਨੀ ਰੇਂਜਰਜ਼ ਵੀ ਮਾਰੇ ਗਏ ਹਨ। ਆਈਜੀ ਨੇ ਕਿਹਾ, ‘ਚਿਕਨ ਨੈੱਕ ਖੇਤਰ ਦੇ ਸਾਹਮਣੇ ਲਸ਼ਕਰ-ਏ-ਤਇਬਾ ਦੇ ਲਾਂਚ ਪੈਡ ਨੂੰ 9-10 ਮਈ ਦੀ ਰਾਤ ਨੂੰ ਇੱਕ ਵਿਸ਼ੇਸ਼ ਹਥਿਆਰ ਪ੍ਰਣਾਲੀ ਦੀ ਵਰਤੋਂ ਕਰਕੇ ਤਬਾਹ ਕਰ ਦਿੱਤਾ ਗਿਆ ਸੀ।’ -ਪੀਟੀਆਈ