ਅਪਰੇਸ਼ਨ ਸਿੰਧੂਰ ਆਤਮ-ਨਿਰਭਰਤਾ ਦੀ ਮਿਸਾਲ: ਰਾਜਨਾਥ ਸਿੰਘ
ਦਸ ਸਾਲਾਂ ’ਚ ਰੱਖਿਆ ਉਤਪਾਦ 46 ਹਜ਼ਾਰ ਕਰੋੜ ਤੋਂ ਵਧ ਕੇ ਡੇਢ ਲੱਖ ਕਰੋੜ ਹੋਣ ਦਾ ਦਾਅਵਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਰੇਸ਼ਨ ਸਿੰਧੂਰ ਨੂੰ ਦੇਸ਼ ਦੇ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਦੀ ਸਭ ਤੋਂ ਵਧੀਆ ਮਿਸਾਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਵਕਤ ਵਰਤੇ ਗਏ ਜ਼ਿਆਦਾਤਾਰ ਹਥਿਆਰ ਸਵਦੇਸ਼ੀ ਸਨ। ਦਸ ਸਾਲਾਂ ’ਚ ਰੱਖਿਆ ਉਤਪਾਦ 46 ਹਜ਼ਾਰ ਕਰੋੜ ਤੋਂ ਵਧ ਕੇ ਡੇਢ ਲੱਖ ਕਰੋੜ ਰੁਪਏ ਹੋ ਗਿਆ ਹੈ। ਸਰਕਾਰ ਨੇ ਵਰ੍ਹਾ 2029 ਤੱਕ ਰੱਖਿਆ ਨਿਰਮਾਣ ਨੂੰ ਤਿੰਨ ਲੱਖ ਕਰੋੜ ਰੁਪਏ ਤੱਕ ਲੈ ਕੇ ਜਾਣ ਦਾ ਟੀਚਾ ਮਿੱਥਿਆ ਹੈ, ਜਿਸ ਵਿੱਚ ਬਰਾਮਦ ਨੂੰ ਪੰਜਾਹ ਹਜ਼ਾਰ ਕਰੋੜ ਰੁਪਏ ਤੱਕ ਵਧਾਉਣਾ ਵੀ ਸ਼ਾਮਲ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰੱਖਿਆ ਮੰਤਰੀ ਨੇ ਪੁਣੇ ਵਿੱਚ ‘ਸਿੰਬਾਇਓਸਿਸ ਸਕਿੱਲਜ਼ ਐਂਡ ਪ੍ਰੋਫੈਸ਼ਨਲ ਯੂਨੀਵਰਸਿਟੀ’ ਦੇ 6ਵੇਂ ਕਨਵੋਕੇਸ਼ਨ ਸਮਾਗਮ ਵਿੱਚ ਸੰਬੋਧਨ ਕਰਨ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਰੱਖਿਆ ਖੇਤਰ ਵਿੱਚ ਆਤਮ-ਨਿਰਭਰ ਬਣਨ ਲਈ ਅਹਿਮ ਕਦਮ ਚੁੱਕੇ ਹਨ। ਆਜ਼ਾਦੀ ਤੋਂ ਬਾਅਦ ਦੇਸ਼ ਹਥਿਆਰਾਂ ਲਈ ਦੂਜੇ ਦੇਸ਼ਾਂ ‘ਤੇ ਨਿਰਭਰ ਰਿਹਾ। ਵਿਦੇਸ਼ਾਂ ਤੋਂ ਹਥਿਆਰ ਖਰੀਦਣਾ ਜ਼ਰੂਰਤ ਬਣ ਗਈ ਤੇ ਸਵਦੇਸ਼ੀ ਉਤਪਾਦਨ ਨਾ ਬਰਾਬਰ ਸੀ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਨੇ ਆਤਮ-ਨਿਰਭਰਤਾ ’ਤੇ ਕੰਮ ਕੀਤਾ ਹੈ। ਦੇਸ਼ ਅੰਦਰ ਹਥਿਆਰਾਂ ਦਾ ਨਿਰਮਾਣ ਹੋ ਰਿਹਾ ਹੈ। ਇਹ ਬਦਲ ਇੰਨਾ ਸੌਖਾ ਨਹੀਂ ਸੀ, ਕਿਉਂਕਿ ਭਾਰਤ ਦੂਜੇ ਦੇਸ਼ਾਂ ਤੋਂ ਹਥਿਆਰ ਖਰੀਦਣ ਦਾ ਆਦੀ ਹੋ ਗਿਆ ਸੀ। ਦੇਸ਼ ਦੇ ਨੌਜਵਾਨਾਂ ਕੋਲ ਵੀ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੀ ਦਿਸ਼ਾ ਨਹੀਂ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਸਰਕਾਰ ਨੇ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਲਈ ਅਹਿਮ ਕਦਮ ਚੁੱਕੇ। -ਪੀਟੀਆਈ