‘ਅਪਰੇਸ਼ਨ ਸਿੰਧੂਰ’ ਭਾਰਤ ਦੀ ਅਦੁੱਤੀ ਬੀਰਤਾ ਦੀ ਸ਼ਾਨਦਾਰ ਮਿਸਾਲ: ਹਵਾਈ ਸੈਨਾ ਮੁਖੀ
ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਭਾਰਤ ਦੀ ਅਦੁੱਤੀ ਬੀਰਤਾ ਦੀ ਸ਼ਾਨਦਾਰ ਮਿਸਾਲ ਹੈ ਅਤੇ ਭਾਰਤੀ ਹਥਿਆਰਬੰਦ ਬਲਾਂ ਨੇ ਦੁਸ਼ਮਣ ’ਤੇ ਫੌਰੀ, ਢੁਕਵਾਂ ਅਤੇ ਫੈਸਲਾਕੁਨ ਹਮਲਾ ਕਰਨ ਦੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਇੱਥੇ ਕੈਡੇਟ ਸਿਖਲਾਈ ਅਕਾਦਮੀ ਦੀ ‘ਪਾਸਿੰਗ ਆਊਟ ਪਰੇਡ’ ਦੇ ਨਿਰੀਖਣ ਮਗਰੋਂ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਤਿੰਨਾਂ ਸੈਨਾਵਾਂ ਦਰਮਿਆਨ ਅਸਧਾਰਨ ਤਾਲਮੇਲ, ਹਥਿਆਰਬੰਦ ਬਲਾਂ ਅਤੇ ਹੋਰ ਏਜੰਸੀਆਂ ਨਾਲ ਤਾਲਮੇਲ ਤੇ ਏਕੀਕਰਨ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁੱਲ 130 ਅਫਸਰ ਕੈਡੇਟ ਅਤੇ 25 ਮਹਿਲਾ ਅਫਸਰ ਕੈਡੇਟਾਂ ਨੂੰ ਭਾਰਤੀ ਸੈਨਾ ਦੇ ਵੱਖ-ਵੱਖ ਵਿੰਗਾਂ ਅਤੇ ਸੇਵਾਵਾਂ ਵਿੱਚ ਕਮਿਸ਼ਨ ਦਿੱਤਾ ਗਿਆ, ਜਦੋਂਕਿ ਨੌਂ ਮਿੱਤਰ ਦੇਸ਼ਾਂ ਦੀਆਂ 12 ਮਹਿਲਾ ਵਿਦੇਸ਼ੀ ਅਫਸਰ ਕੈਡੇਟਾਂ ਨੇ ਵੀ ਆਪਣੀ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ। ਉਨ੍ਹਾਂ ਕਿਹਾ, ‘‘ਅਪਰੇਸ਼ਨ ਸਿੰਧੂਰ ਸਾਡੀ ਅਦੁੱਤੀ ਬੀਰਤਾ ਦੀ ਸ਼ਾਨਦਾਰ ਮਿਸਾਲ ਹੈ। ਭਾਰਤੀ ਹਥਿਆਰਬੰਦ ਬਲਾਂ ਨੇ ਦੁਸ਼ਮਣ ’ਤੇ ਤੇਜ਼, ਸਟੀਕ ਅਤੇ ਫੈਸਲਾਕੁਨ ਵਾਰ ਕਰਨ ਦੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਬਲਾਂ ਦੇ ਭਵਿੱਖ ਵਜੋਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਰੱਖਿਆ ਬਲ ਹਮੇਸ਼ਾ ਤੋਂ ਹੀ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦੇਣ ਵਾਲੇ ਰਹੇ ਹਨ ਅਤੇ ਰਹਿਣਗੇ।’’ ਅਫ਼ਸਰ ਕੈਡੇਟਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ, ‘‘ਯਾਦ ਰੱਖੋ ਕਿ ਸਾਡੀ ਤਾਕਤ ਸਿਰਫ਼ ਵਿਅਕਤੀਗਤ ਵਿਸ਼ੇਸ਼ਤਾ ਨਹੀਂ, ਸਗੋਂ ਪੂਰੀ ਟੀਮ ਦੀ ਏਕਤਾ ਨਾਲ ਆਉਂਦੀ ਹੈ। ਕੋਈ ਵੀ ਫੌਜ ਅਲੱਗ-ਥਲੱਗ ਹੋ ਕੇ ਕੰਮ ਨਹੀਂ ਕਰਦੀ, ਚਾਹੇ ਉਹ ਅਸਮਾਨ ਵਿੱਚ ਹੋਵੇ, ਜ਼ਮੀਨ ’ਤੇ ਹੋਵੇ ਜਾਂ ਸਮੁੰਦਰ ਵਿੱਚ।’’