ਅਪਰੇਸ਼ਨ ਸਿੰਧੂ: ਇਰਾਨ ਤੋਂ ਹੁਣ ਤੱਕ 517 ਭਾਰਤੀ ਨਾਗਰਿਕ ਵਾਪਸ ਲਿਆਂਦੇ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 21 ਜੂਨ
ਵਿਦੇਸ਼ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਪਰੇਸ਼ਨ ਸਿੰਧੂ ਤਹਿਤ ਹੁਣ ਤੱਕ 500 ਤੋਂ ਵੱਧ ਭਾਰਤੀ ਨਾਗਰਿਕ ਇਰਾਨ ਤੋਂ ਆਪਣੇ ਦੇਸ਼ (ਭਾਰਤ) ਪਰਤ ਆਏ ਹਨ। ਵਿਦੇਸ਼ ਮੰਤਰਾਲੇ ਨੇ ਐਕਸ ’ਤੇ ਇੱਕ ਪੋਸਟ ਵਿੱਚ ਨਿਕਾਸੀ ਮੁਹਿੰਮ ਦੀ ਸਥਿਤੀ ਬਾਰੇ ਅਪਡੇਟ ਸਾਂਝੀ ਕੀਤੀ ਹੈ।
ਜਾਣਕਾਰੀ ਅਨੁਸਾਰ ਇਰਾਨ ਅਤੇ ਇਜ਼ਰਾਈਲ ਵਿਚਕਾਰ ਫੌਜੀ ਟਕਰਾਅ ਵਧਣ ਤੋਂ ਬਾਅਦ ਭਾਰਤੀ ਨਾਗਰਿਕ, ਜਿਨ੍ਹਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ, ਸ਼ੁੱਕਰਵਾਰ ਦੇਰ ਰਾਤ ਅਤੇ ਸ਼ਨਿਚਰਵਾਰ ਦੀ ਸਵੇਰ ਨੂੰ ਇਰਾਨ ਤੋਂ ਸੁਰੱਖਿਅਤ ਕੱਢੇ ਜਾਣ ਤੋਂ ਬਾਅਦ ਦਿੱਲੀ ਪਹੁੰਚੇ। ਭਾਰਤ ਨੇ ਬੁੱਧਵਾਰ ਨੂੰ ਆਪਣੇ ਨਾਗਰਿਕਾਂ ਨੂੰ ਇਰਾਨ ਤੋਂ ਕੱਢਣ ਲਈ ਅਪਰੇਸ਼ਨ ਸਿੰਧੂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ''ਭਾਰਤ ਨੇ ਇੱਕ ਚਾਰਟਰਡ ਫਲਾਈਟ ਰਾਹੀਂ ਵਿਦਿਆਰਥੀਆਂ ਅਤੇ ਧਾਰਮਿਕ ਸ਼ਰਧਾਲੂਆਂ ਸਮੇਤ 290 ਭਾਰਤੀ ਨਾਗਰਿਕਾਂ ਨੂੰ ਇਰਾਨ ਤੋਂ ਸੁਰੱਖਿਅਤ ਕੱਢਿਆ ਹੈ। ਇਹ ਉਡਾਣ 20 ਜੂਨ ਨੂੰ 23:30 ਵਜੇ ਨਵੀਂ ਦਿੱਲੀ ਪਹੁੰਚੀ ਅਤੇ ਸਕੱਤਰ ਅਰੁਣ ਚੈਟਰਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ।''
ਉਨ੍ਹਾਂ ਕਿਹਾ, ''ਭਾਰਤ ਸਰਕਾਰ ਨਿਕਾਸੀ ਪ੍ਰਕਿਰਿਆ ਵਿੱਚ ਸਹੂਲਤ ਦੇਣ ਲਈ ਇਰਾਨ ਸਰਕਾਰ ਦੀ ਸ਼ੁਕਰਗੁਜ਼ਾਰ ਹੈ।'' ਇੱਕ ਹੋਰ ਪੋਸਟ ਵਿੱਚ ਉਨ੍ਹਾਂ ਤੁਰਕਮੇਨਿਸਤਾਨ ਤੋਂ ਪਹੁੰਚੀ ਇੱਕ ਨਿਕਾਸੀ ਉਡਾਣ ਬਾਰੇ ਵੇਰਵੇ ਸਾਂਝੇ ਕੀਤੇ।
ਉਨ੍ਹਾਂ ਕਿਹਾ, ''ਅਪਰੇਸ਼ਨ ਸਿੰਧੂ ਜਾਰੀ ਹੈ। ਅਸਗਾਬਾਦ, ਤੁਰਕਮੇਨਿਸਤਾਨ ਤੋਂ ਇੱਕ ਵਿਸ਼ੇਸ਼ ਨਿਕਾਸੀ ਉਡਾਣ 21 ਜੂਨ ਨੂੰ 03:00 ਵਜੇ ਨਵੀਂ ਦਿੱਲੀ ਪਹੁੰਚੀ, ਜੋ ਇਰਾਨ ਤੋਂ ਭਾਰਤੀਆਂ ਨੂੰ ਘਰ ਲੈ ਕੇ ਆਈ।" ਇਸ ਨਾਲ ਆਪ੍ਰੇਸ਼ਨ ਸਿੰਧੂ ਤਹਿਤ ਹੁਣ ਤੱਕ ਇਰਾਨ ਤੋਂ 517 ਭਾਰਤੀ ਨਾਗਰਿਕ ਘਰ ਪਰਤ ਆਏ ਹਨ। -ਪੀਟੀਆਈ