ਅਪਰੇਸ਼ਨ ਸਿੰਧੂ: ਇਰਾਨ ਤੋਂ 296 ਭਾਰਤੀ ਤੇ 4 ਨੇਪਾਲੀ ਨਾਗਰਿਕ ਵਤਨ ਪਰਤੇ
ਨਵੀਂ ਦਿੱਲੀ, 25 ਜੂਨ
ਇਜ਼ਰਾਈਲ ਨਾਲ ਚੱਲ ਰਹੇ ਟਕਰਾਅ ਦੌਰਾਨ ਭਾਰਤ ਨੇ ਅੱਜ ਵੀ ਇਰਾਨ ਤੋਂ 296 ਭਾਰਤੀ ਅਤੇ ਚਾਰ ਨੇਪਾਲੀ ਨਾਗਰਿਕਾਂ ਨੂੰ ਬਚਾਅ ਲਿਆਂਦਾ ਹੈ। ਅਪਰੇਸ਼ਨ ਸਿੰਧੂ ਤਹਿਤ ਹੁਣ ਤੱਕ ਇਰਾਨ ਤੋਂ ਕੁੱਲ 3,154 ਭਾਰਤੀ ਨਾਗਰਿਕ ਸੁਰੱਖਿਅਤ ਕੱਢੇ ਜਾ ਚੁੱਕੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਐਕਸ ’ਤੇ ਕਿਹਾ, ‘ਅਪਰੇਸ਼ਨ ਸਿੰਧੂ ਅਪਡੇਟ... 25 ਜੂਨ ਨੂੰ ਸ਼ਾਮ 4:30 ਵਜੇ ਵਿਸ਼ੇਸ਼ ਉਡਾਣ ਇਰਾਨ ਤੋਂ 296 ਭਾਰਤੀ ਅਤੇ 4 ਨੇਪਾਲੀ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪੁੱਜੀ ਹੈ। ਹੁਣ ਤੱਕ 3,154 ਭਾਰਤੀ ਨਾਗਰਿਕ ਇਰਾਨ ਤੋਂ ਵਤਨ ਪਰਤ ਚੁੱਕੇ ਹਨ।’ ਭਾਰਤ ਨੇ ਬੀਤੇ ਦਿਨ ਵੀ ਇਰਾਨ ਅਤੇ ਇਜ਼ਰਾਈਲ ਤੋਂ 1,100 ਤੋਂ ਵੱਧ ਨਾਗਰਿਕਾਂ ਨੂੰ ਬਚਾਇਆ ਸੀ। ਭਾਰਤੀ ਹਵਾਈ ਸੈਨਾ ਦੇ ਸੀ-17 ਹੈਵੀ ਲਿਫਟ ਜਹਾਜ਼ਾਂ ਰਾਹੀਂ ਇਜ਼ਰਾਈਲ ਤੋਂ 594 ਭਾਰਤੀ ਵਾਪਸ ਲਿਆਂਦੇ ਗਏ ਸਨ। ਇਸ ਤੋਂ ਇਲਾਵਾ 161 ਭਾਰਤੀਆਂ ਨੂੰ ਅਮਾਨ ਤੋਂ ਇੱਕ ਚਾਰਟਰਡ ਉਡਾਣ ਰਾਹੀਂ ਵਾਪਸ ਲਿਆਂਦਾ ਗਿਆ ਸੀ। ਉਹ ਸੜਕ ਰਾਹੀਂ ਇਜ਼ਰਾਈਲ ਤੋਂ ਜੌਰਡਨ ਦੀ ਰਾਜਧਾਨੀ ’ਚ ਪਹੁੰਚੇ ਸਨ। ਵਿਦੇਸ਼ ਮੰਤਰਾਲੇ (ਐੱਮਈਏ) ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਅਨੁਸਾਰ ਮੰਗਲਵਾਰ ਨੂੰ ਦੋ ਚਾਰਟਰਡ ਉਡਾਣਾਂ ਵਿੱਚ ਇਰਾਨ ਤੋਂ ਕੁੱਲ 573 ਭਾਰਤ, ਤਿੰਨ ਸ੍ਰੀਲੰਕਾ ਅਤੇ ਦੋ ਨੇਪਾਲ ਦੇ ਨਾਗਰਿਕਾਂ ਨੂੰ ਕੱਢਿਆ ਗਿਆ ਸੀ। ਜ਼ਿਕਰਯੋਗ ਹੈ ਕਿ ਕਿ ਲਗਪਗ ਹਫ਼ਤਾ ਪਹਿਲਾਂ ਇਜ਼ਰਾਈਲ ਅਤੇ ਇਰਾਨ ਨੇ ਇੱਕ-ਦੂਜੇ ਦੇ ਸ਼ਹਿਰਾਂ ਅਤੇ ਫੌਜੀ ਤੇ ਰਣਨੀਤਕ ਟਿਕਾਣਿਆਂ ’ਤੇ ਮਿਜ਼ਾਈਲਾਂ ਅਤੇ ਡਰੋਨ ਦਾਗਣੇ ਸ਼ੁਰੂ ਕੀਤੇ ਸਨ। ਐਤਵਾਰ ਸਵੇਰੇ ਅਮਰੀਕਾ ਵੱਲੋਂ ਤਿੰਨ ਪ੍ਰਮੁੱਖ ਇਰਾਨੀ ਪ੍ਰਮਾਣੂ ਟਿਕਾਣਿਆਂ ’ਤੇ ਬੰਬਾਰੀ ਕੀਤੇ ਜਾਣ ਮਗਰੋਂ ਤਣਾਅ ਕਾਫੀ ਵਧ ਗਿਆ। ਇਰਾਨ ਨੇ 20 ਜੂਨ ਨੂੰ ਮਸ਼ਹਾਦ ਤੋਂ ਤਿੰਨ ਚਾਰਟਰਡ ਉਡਾਣਾਂ ਦੀ ਸਹੂਲਤ ਲਈ ਹਵਾਈ ਖੇਤਰ ਤੋਂ ਪਾਬੰਦੀਆਂ ਹਟਾ ਦਿੱਤੀਆਂ ਸਨ। ਪਿਛਲੇ ਹਫ਼ਤੇ ਸ਼ੁੱਕਰਵਾਰ ਦੇਰ ਰਾਤ ਪਹਿਲੀ ਉਡਾਣ 290 ਭਾਰਤੀ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ ਸੀ। ਇਸ ਮਗਰੋਂ ਸ਼ਨਿਚਰਵਾਰ ਦੁਪਹਿਰ ਨੂੰ ਦੂਜੀ ਉਡਾਣ 310 ਭਾਰਤੀ ਨਾਗਰਿਕਾਂ ਨੂੰ ਲੈ ਕੇ ਕੌਮੀ ਰਾਜਧਾਨੀ ਪਹੁੰਚੀ। ਇੱਕ ਹੋਰ ਉਡਾਣ ਵੀਰਵਾਰ ਨੂੰ ਅਰਮੀਨੀਆ ਦੀ ਰਾਜਧਾਨੀ ਯੇਰੇਵਨ ਤੋਂ ਪਹੁੰਚੀ ਸੀ। ਅਸ਼ਗਾਬਾਤ ਤੋਂ ਵੀ ਇੱਕ ਵਿਸ਼ੇਸ਼ ਉਡਾਣ ਨਵੀਂ ਦਿੱਲੀ ਪਹੁੰਚੀ ਹੈ। -ਪੀਟੀਆਈ