'Operation Mahadev': ਫ਼ੌਜ ਦੇ ‘ਅਪਰੇਸ਼ਨ ਮਹਾਦੇਵ’ ਦੌਰਾਨ ਸ੍ਰੀਨਗਰ ਦੇ ਦਾਚੀਗਾਮ ਮੁਕਾਬਲੇ ’ਚ 3 ਦਹਿਸ਼ਤਗਰਦ ਹਲਾਕ
ਹਰਵਾਨ ਦੇ ਮੁਲਨਾਰ ਖੇਤਰ ਵਿੱਚ ਸਲਾਮਤੀ ਦਸਤਿਆਂ ਤੇ ਦਹਿਸ਼ਤਗਰਾਂ ਦਰਮਿਆਨ ਮੁਕਾਬਲਾ ਜਾਰੀ
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਇਥੋਂ ਦੇ ਦਾਚੀਗਾਮ ਨੈਸ਼ਨਲ ਪਾਰਕ ਨੇੜੇ ਸ਼ਹਿਰ ਦੇ ਹਰਵਾਨ ਖੇਤਰ ਵਿੱਚ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਇੱਕ ਮੁਕਾਬਲਾ ਹੋਇਆ ਜਿਹੜਾ ਆਖ਼ਰੀ ਖ਼ਬਰਾਂ ਮਿਲਣ ਤੱਕ ਜਾਰੀ ਸੀ। ਇਸ ਮੁਕਾਬਲੇ ਦੌਰਾਨ 3 ਅਤਿਵਾਦੀਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ।
ਸ੍ਰੀਨਗਰ ਸਥਿਤ ਫੌਜ ਦੇ ਚਿਨਾਰ ਕੋਰ ਨੇ ਆਪਣੇ ਐਕਸ ਹੈਂਡਲ 'ਤੇ ਪੋਸਟ ਕੀਤਾ, “ਅਪਰੇਸ਼ਨ ਮਹਾਦੇਵ - ਜਨਰਲ ਏਰੀਆ ਲਿਡਵਾਸ ਵਿੱਚ ਸੰਪਰਕ ਸਥਾਪਿਤ ਕੀਤਾ ਗਿਆ। ਕਾਰਵਾਈ ਜਾਰੀ ਹੈ।”
ਸੁਰੱਖਿਆ ਬਲਾਂ ਨੇ ਇੱਕ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਹਰਵਾਨ ਦੇ ਮੁਲਨਾਰ ਖੇਤਰ ਵਿੱਚ ਇੱਕ ਅੱਤਵਾਦ ਵਿਰੋਧੀ ਕਾਰਵਾਈ ਸ਼ੁਰੂ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਸੁਰੱਖਿਆ ਦਸਤੇ ਤਲਾਸ਼ੀ ਲੈ ਰਹੇ ਸਨ ਤਾਂ ਦੂਰੋਂ ਦੋ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿੱਚ ਫ਼ੌਜ ਦੀ ਹੋਰ ਨਫਰੀ ਭੇਜੀ ਗਈ ਹੈ ਅਤੇ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਮੁੱਢਲੀ ਜਾਣਕਾਰੀ ਦੇ ਅਨੁਸਾਰ, ਘੇਰਾਬੰਦੀ ਵਾਲੇ ਖੇਤਰ ਵਿੱਚ ਦੋ ਤੋਂ ਤਿੰਨ ਅੱਤਵਾਦੀ ਫਸੇ ਹੋਏ ਮੰਨੇ ਜਾ ਰਹੇ ਹਨ।

