ਆਨਲਾਈਨ ਸੱਟੇਬਾਜ਼ੀ ਐਪ: ਕੁਝ ਕ੍ਰਿਕਟਰਾਂ ਤੇ ਅਦਾਕਾਰਾਂ ਦੇ ਅਸਾਸੇ ਅਟੈਚ ਕਰ ਸਕਦੀ ਹੈ ਈਡੀ
ਗ਼ੈਰ-ਕਾਨੂੰਨੀ ਢੰਗ ਨਾਲ ਜਾਇਦਾਦਾਂ ਬਣਾੳੁਣ ਦਾ ਦੋਸ਼
ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਆਨਲਾਈਨ ਸੱਟੇਬਾਜ਼ੀ ਐਪ ਨਾਲ ਜੁੜੇ ਇੱਕ ਮਨੀ ਲਾਂਡਰਿੰਗ ਕੇਸ ਵਿੱਚ ਜਲਦੀ ਹੀ ਕੁਝ ਖਿਡਾਰੀਆਂ ਤੇ ਅਦਾਕਾਰਾਂ ਦੇ ਅਸਾਸੇ ਅਟੈਚ ਕਰ ਸਕਦਾ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ‘1xਬੈੱਟ’ ਪੋਰਟਲ ਨਾਲ ਜੁੜੇ ਕੇਸ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਕੁਝ ਹਸਤੀਆਂ ਨੇ ਉਨ੍ਹਾਂ ਨੂੰ ਮਿਲੇ ਮਸ਼ਹੂਰੀਆਂ ਦੇ ਪੈਸਿਆਂ ਜੋ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ‘ਅਪਰਾਧ ਦੀ ਆਮਦਨ’ ਮੰਨੀ ਜਾਂਦੀ ਹੈ, ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਜਾਇਦਾਦਾਂ ਬਣਾਈਆਂ ਹਨ।
ਸੰਘੀ ਜਾਂਚ ਏਜੰਸੀ ਜਲਦੀ ਹੀ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ ਐੱਮ ਐੱਲ ਏ) ਤਹਿਤ ਇਹ ਚੱਲ ਤੇ ਅਚੱਲ ਜਾਇਦਾਦਾਂ, ਜਿਨ੍ਹਾਂ ਵਿਚੋਂ ਕੁਝ ਯੂ ਏ ਈ ਆਦਿ ਦੇਸ਼ਾਂ ਵਿੱਚ ਹਨ, ਅਟੈਚ ਕਰਨ ਦਾ ਹੁਕਮ ਜਾਰੀ ਕਰ ਸਕਦੀ ਹੈ। ਇਨ੍ਹਾਂ ਅਸਾਸਿਆਂ ਦੀ ਕੀਮਤ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅਟੈਚ ਕਰਨ ਦੇ ਹੁਕਮ ਜਾਰੀ ਹੋਣ ਮਗਰੋਂ ਇਸ ਨੂੰ ਪੀ ਐੱਮ ਐੱਲ ਏ ਤਹਿਤ ਨਿਰਣਾਇਕ ਅਥਾਰਿਟੀ ਕੋਲ ਪੁਸ਼ਟੀ ਲਈ ਭੇਜਿਆ ਜਾਵੇਗਾ ਅਤੇ ਮਨਜ਼ੂਰ ਹੋਣ ’ਤੇ ਅਸਾਸੇ ਅਟੈਚ ਕਰਨ ਲਈ ਅਦਾਲਤ ’ਚ ਦੋਸ਼ ਪੱਤਰ ਦਾਇਰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਮਾਮਲੇ ਦੀ ਜਾਂਚ ਤਹਿਤ ਈ ਡੀ ਨੇ ਪਿਛਲੇ ਹਫ਼ਤੇ ਕ੍ਰਿਕਟਰਾਂ ਯੁਵਰਾਜ ਸਿੰਘ, ਸੁਰੇਸ਼ ਰੈਨਾ, ਰੌਬਿਨ ਉਥੱਪਾ ਤੇ ਸ਼ਿਖਰ ਧਵਨ ਤੋਂ ਇਲਾਵਾ ਅਦਾਕਾਰ ਸੋਨੂੰ ਸੂਦ, ਮਿਮੀ ਚੱਕਰਵਰਤੀ (ਸਾਬਕਾ ਟੀ ਐੱਮ ਸੀ ਸੰਸਦ ਮੈਂਬਰ) ਤੇ ਬੰਗਾਲੀ ਸਿਨੇਮਾ ਨਾਲ ਜੁੜੇ ਅੰਕੁਸ਼ ਹਾਜਰਾ ਤੋਂ ਪੁੱਛ-ਪੜਤਾਲ ਕੀਤੀ ਸੀ। ਏਜੰਸੀ ਵੱਲੋਂ ਪੀ ਐੱਮ ਐੱਲ ਏ ਦੀ ਧਾਰਾ 50 ਤਹਿਤ ਇਨ੍ਹਾਂ ਹਸਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ। ਹਾਲੇ ਕੁਝ ਹੋਰ ਖਿਡਾਰੀਆਂ ਤੇ ਅਦਾਕਾਰਾਂ ਦੇ ਬਿਆਨ ਦਰਜ ਕੀਤੇ ਜਾਣੇ ਹਨ।