ਉਮਰ ਨੇ ਉਪ ਰਾਜਪਾਲ ਦੇ ਬਿਆਨ ’ਤੇ ਕੱਸਿਆ ਤਨਜ਼....ਕਿਹਾ ‘ਦੇਰ ਆਏ ਦਰੁਸਤ ਆਏ’
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉਪ-ਰਾਜਪਾਲ ਮਨੋਜ ਸਿਨਹਾ ਵੱਲੋਂ ਪਹਿਲਗਾਮ ਹਮਲੇ ਨੂੰ ਖੁਫੀਆ ਏਜੰਸੀਆਂ ਦੀ ਨਾਕਾਮੀ ਦੱਸਣ ਵਾਲੇ ਬਿਆਨ ’ਤੇ ਤਨਜ਼ ਕਸਦਿਆਂ ਕਿਹਾ ‘ਭਾਵੇਂ 80 ਦਿਨਾਂ ਬਾਅਦ ਆਏ, ਪਰ ਦੇਰ ਆਏ ਦਰੁਸਤ ਆਏ।’ ਅਬਦੁੱਲਾ ਨੇ ਕਿਹਾ ਕਿ ਹੁਣ ਜਦੋਂ ਉਪ-ਰਾਜਪਾਲ ਨੇ ਹਮਲੇ ਲਈ ਖੁਫੀਆ ਏਜੰਸੀਆਂ ਦੀ ਨਾਕਾਮੀ ਕਬੂਲ ਲਈ ਹੈ, ਤਾਂ ਇਸ ਲਈ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ‘‘ਇਹ ਗੱਲ ਹਜ਼ਮ ਨਹੀਂ ਹੁੰਦੀ ਕਿ 26 ਲੋਕਾਂ ਦੀ ਜਾਨ ਚਲੀ ਜਾਵੇ ਅਤੇ ਕਿਸੇ ਤਰ੍ਹਾਂ ਦੀ ਕੋਈ ਜਾਂਚ ਨਾ ਹੋਵੇ। ਜੇ ਅਸੀਂ ਖੁਫੀਆ ਨਾਕਾਮੀ ਮੰਨ ਰਹੇ ਹਾਂ ਤਾਂ ਇਸ ਦੀ ਜ਼ਿੰਮੇਵਾਰ ਕੌਣ ਲਵੇਗਾ ?’’ ਉਮਰ ਅਬਦੁੱਲਾ ਇੱਥੇ ਇੱਕ ਸਮਾਗਮ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਪੁਲੀਸ ਵੱਲੋਂ ਸ੍ਰੀਨਗਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਡੋਗਰਾ ਫੌਜ ਵੱਲੋਂ ਮਾਰੇ ਗਏ 22 ਲੋਕਾਂ ਨੂੰ ਨਕਸ਼ਬੰਦ ਸਾਹਿਬ ਕਬਰਿਸਤਾਨ ਵਿੱਚ ਸ਼ਰਧਾਂਜਲੀ ਦੇਣ ਤੋਂ ਰੋਕਣ ਦੀ ਘਟਨਾ ਨੂੰ ਵੀ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ, ‘‘ਅਸੀਂ ਕੋਈ ਕਾਨੂੰਨ ਨਹੀਂ ਤੋੜ ਰਹੇ ਸੀ। ਪਾਬੰਦੀਆਂ 13 ਜੁਲਾਈ ਲਈ ਸਨ ਨਾ ਕਿ 14 ਜੁਲਾਈ ਲਈ, ਇਹ ਨਹੀਂ ਹੋਣਾ ਚਾਹੀਦਾ ਸੀ।’’
ਅਬਦੁੱਲਾ ਨੇ ਕਿਹਾ, ‘‘ਕੁਝ ਲੋਕ ਸੋਚਦੇ ਹਨ ਕਿ ਅਸੀਂ ਕਮਜ਼ੋਰ ਹਾਂ, ਪਰ ਨਿਮਰਤਾ ਨੂੰ ਸਾਡੀ ਕਮਜ਼ੋਰੀ ਨਾ ਸਮਝੋ। ਇੱਥੇ ਅਸੀਂ ਕਿਸੇ ਦੇ ਅਹਿਸਾਨ ਕਰਕੇ ਨਹੀਂ ਆਏ, ਜੇਕਰ ਕਿਸੇ ਨੇ ਸਾਡੇ ’ਤੇ ਅਹਿਸਾਨ ਕੀਤਾ ਹੈ, ਤਾਂ ਉਹ ਸਰਵਸ਼ਕਤੀਮਾਨ ਅਤੇ ਜੰਮੂ-ਕਸ਼ਮੀਰ ਦੇ ਵੋਟਰ ਹਨ।’’