ਮੋਟਾਪੇ ਖ਼ਿਲਾਫ਼ ਜਾਗਰੂਕ ਕਰਨਗੇ ਉਮਰ ਅਬਦੁੱਲਾ, ਮਹਿੰਦਰਾ ਤੇ ਮੋਹਨਲਾਲ
ਨਵੀਂ ਦਿੱਲੀ, 24 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟਾਪੇ ਖ਼ਿਲਾਫ਼ ਜੰਗ ਵਿੱਚ ਮਦਦ ਲਈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਉਦਯੋਗਪਤੀ ਆਨੰਦ ਮਹਿੰਦਰਾ ਅਤੇ ਅਦਾਕਾਰ ਮੋਹਨਲਾਲ ਸਣੇ ਵੱਖ-ਵੱਖ ਖੇਤਰਾਂ ਦੇ 10 ਵਿਅਕਤੀਆਂ ਨੂੰ ਨਾਮਜ਼ਦ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਮੋਟਾਪੇ ਤੋਂ ਬਚਣ ਲਈ ਕਦਮ ਉਠਾਉਣ ਦੀ ਅਪੀਲ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਮੈਂ ਮੋਟਾਪੇ ਖ਼ਿਲਾਫ਼ ਜੰਗ ਨੂੰ ਹੋਰ ਤੇਜ਼ ਕਰਨ ਅਤੇ ਖਾਣੇ ਵਿੱਚ ਤੇਲ ਦੀ ਖ਼ਪਤ ਨੂੰ ਘੱਟ ਕਰਨ ਬਾਰੇ ਜਾਗਰੂਕਤਾ ਫੈਲਾਉਣ ਲਈ ਕੁਝ ਲੋਕਾਂ ਨੂੰ ਨਾਮਜ਼ਦ ਕਰਨਾ ਚਾਹਾਂਗਾ। ਮੈਂ ਉਨ੍ਹਾਂ ਨੂੰ ਇਹ ਅਪੀਲ ਵੀ ਕਰਦਾ ਹਾਂ ਕਿ ਉਹ ਵੀ ਅੱਗੇ ਅਜਿਹੇ 10 ਹੋਰ ਲੋਕਾਂ ਨੂੰ ਨਾਮਜ਼ਦ ਕਰਨ ਤਾਂ ਜੋ ਸਾਡਾ ਅੰਦੋਲਨ ਵੱਡਾ ਹੋ ਸਕੇ।’’
ਮੋਦੀ ਨੇ ਜਿਨ੍ਹਾਂ ਹੋਰ ਸ਼ਖ਼ਸੀਅਤਾਂ ਨੂੰ ਨਾਮਜ਼ਦ ਕੀਤਾ ਹੈ ਉਨ੍ਹਾਂ ਵਿੱਚ ਭੋਜਪੁਰੀ ਗਾਇਕ-ਅਦਾਕਾਰ ਨਿਰਹੂਆ, ਨਿਸ਼ਾਨੇਬਾਜ਼ ਮਨੂ ਭਾਕਰ, ਵੇਟਲਿਫਟਰ ਮੀਰਾਬਾਈ ਚਾਨੂ, ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲਕਣੀ, ਅਦਾਕਾਰ ਆਰ. ਮਾਧਵਨ, ਗਾਇਕਾ ਸ਼੍ਰੇਆ ਘੋਸ਼ਾਲ ਅਤੇ ਸਮਾਜਿਕ ਕਾਰਕੁਨ ਤੇ ਸੰਸਦ ਮੈਂਬਰ ਸੁਧਾ ਮੂਰਤੀ ਦੇ ਨਾਮ ਸ਼ਾਮਲ ਹਨ। ਮੋਟਾਪੇ ਖ਼ਿਲਾਫ਼ ਜੰਗ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਲੋਕਾਂ ਨੂੰ ਖਾਣੇ ਵਿੱਚ ਘੱਟ ਤੇਲ ਦਾ ਇਸਤੇਮਾਲ ਕਰਨ ਅਤੇ 10 ਹੋਰ ਲੋਕਾਂ ਨੂੰ ਇਹ ਚੁਣੌਤੀ ਦੇਣ ਦੀ ਅਪੀਲ ਕੀਤੀ ਸੀ। -ਪੀਟੀਆਈ
ਮੁਹਿੰਮ ਨਾਲ ਜੁੜ ਕੇ ਖ਼ੁਸ਼: ਉਮਰ
ਉਮਰ ਅਬਦੁੱਲਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੋਟਾਪੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜੁੜ ਕੇ ਖੁਸ਼ ਹਨ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਮੁਹਿੰਮ ਨਾਲ ਜੁੜਨ ਲਈ 10 ਲੋਕਾਂ ਨੂੰ ਨਾਮਜ਼ਦ ਕੀਤਾ। ਉਨ੍ਹਾਂ ਆਪਣੇ ‘ਐਕਸ’ ਹੈਂਡਲ ’ਤੇ ਲਿਖਿਆ, ‘‘ਅੱਜ ਮੈਂ ਮੋਟਾਪੇ ਖ਼ਿਲਾਫ਼ ਪ੍ਰਧਾਨ ਮੰਤਰੀ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਇਨ੍ਹਾਂ 10 ਵਿਅਕਤੀਆਂ ਨੂੰ ਨਾਮਜ਼ਦ ਕਰ ਰਿਹਾ ਹਾਂ ਅਤੇ ਉਨ੍ਹਾਂ ਨੂੰ ਇਸ ਜੰਗ ਨੂੰ ਅੱਗੇ ਵਧਾਉਣ ਲਈ 10-10 ਹੋਰ ਲੋਕਾਂ ਨੂੰ ਨਾਮਜ਼ਦ ਕਰਨ ਦੀ ਅਪੀਲ ਕਰ ਰਿਹਾ ਹਾਂ।’’ ਅਬਦੁੱਲਾ ਵੱਲੋਂ ਨਾਮਜ਼ਦ ਲੋਕਾਂ ਵਿੱਚ ਬਾਇਓਕੌਨ ਦੀ ਐੱਮਡੀ ਕਿਰਨ ਮਜ਼ੂਮਦਾਰ ਸ਼ਾਅ, ਉਦਯੋਗਪਤੀ ਸੱਜਣ ਜਿੰਦਲ, ਅਦਾਕਾਰਾ ਦੀਪਿਕਾ ਪਾਦੂਕੋਨ, ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ, ਸਾਬਕਾ ਕ੍ਰਿਕਟਰ ਇਰਫਾਨ ਪਠਾਨ, ਸੰਸਦ ਮੈਂਬਰ ਸੁਪ੍ਰਿਯਾ ਸੂਲੇ ਅਤੇ ਸਾਬਕਾ ਵੁਸ਼ੂ ਖਿਡਾਰੀ ਕੁਲਦੀਪ ਹਾਂਡੂ ਸ਼ਾਮਲ ਹਨ। ਇਸੇ ਤਰ੍ਹਾਂ ਮੋਦੀ ਵੱਲੋਂ ਨਾਮਜ਼ਦ ਕੀਤੀਆਂ ਹੋਰ ਸ਼ਖ਼ਸੀਅਤਾਂ ਨੇ ਵੀ ਮੁਹਿੰਮ ਦਾ ਹਿੱਸਾ ਬਣਨ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਅੱਗੇ 10-10 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ।