ਬੁੱਢੇ ਦਰਿਆ ’ਚ ਪੈ ਰਿਹਾ ਗੰਦਾ ਪਾਣੀ ਰੋਕਣ ਤੋਂ ਅਸਫਲ ਰਹੇ ਅਧਿਕਾਰੀਆਂ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਸੇ ਥਾਂ ’ਤੇ ਤਲਬ ਕੀਤਾ ਜਿੱਥੋਂ ਗੰਦਾ ਪਾਣੀ ਬੁੱਢੇ ਦਰਿਆ ’ਚ ਪਾਇਆ ਜਾ ਰਿਹਾ ਸੀ। ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਇੱਕ ਸਾਲ ਤੋਂ ਕਾਰ ਸੇਵਾ ਕਰਵਾ ਰਹੇ ਹਨ। ਨਗਰ ਨਿਗਮ, ਸੀਵਰੇਜ ਬੋਰਡ ਤੇ ‘ਖਿਲਾੜੀ’ ਸੰਸਥਾ ਨੇ ਲੰਘੀ 7 ਨਵੰਬਰ ਦੀ ਮੀਟਿੰਗ ਵਿੱਚ ਇਹ ਦਾਅਵਾ ਕੀਤਾ ਸੀ ਕਿ ਗਊਘਾਟ ਵਾਲਾ ਪੰਪਿੰਗ ਸਟੇਸ਼ਨ ਲਗਾਤਾਰ ਚੱਲ ਰਿਹਾ ਹੈ ਤੇ ਉਸ ਦਾ ਗੰਦਾ ਪਾਣੀ ਟਰੀਟ ਹੋਣ ਲਈ 225 ਐੱਮ ਐੱਲ ਡੀ ਪਲਾਂਟ ਵਿਚ ਪਹੁੰਚ ਰਿਹਾ ਹੈ।
ਮੀਟਿੰਗ ਮਗਰੋਂ ਰਾਜ ਸਭਾ ਮੈਂਬਰ ਅਚਾਨਕ ਗਊਘਾਟ ਪਹੁੰਚੇ ਤੇ ਦੇਖਿਆ ਕਿ ਇੱਥੋਂ ਪਾਣੀ ਚੁੱਕਣ ਵਾਲੀਆਂ ਸਾਰੀਆਂ ਮੋਟਰਾਂ ਬੰਦ ਸਨ ਤੇ ਡਰੇਨ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਬੁੱਢੇ ਦਰਿਆ ਵਿੱਚ ਜਾ ਰਿਹਾ ਸੀ। ਇਸ ਮਗਰੋਂ ਸੰਤ ਸੀਚੇਵਾਲ ਨੇ ਨਗਰ ਨਿਗਮ ਤੇ ਸੀਵਰੇਜ ਬੋਰਡ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਅਤੇ ਉਨ੍ਹਾਂ ਦੀ ਝਾੜਝੰਬ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਮਾਲਵੇ ਅਤੇ ਰਾਜਸਥਾਨ ਦੇ ਲੋਕਾਂ ਨੂੰ ਗੰਦਾ ਜ਼ਹਿਰੀਲਾ ਪਾਣੀ ਪਿਲਾਉਣ ਲਈ ਨਗਰ ਨਿਗਮ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਜ਼ਿੰਮੇਵਾਰ ਹਨ। ਬੁੱਢੇ ਦਰਿਆ ਦੇ ਮਾਮਲੇ ਤੋਂ ਨਾਰਾਜ਼ ਸੰਤ ਸੀਚੇਵਾਲ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ’ਤੇ ਦੋਸ਼ ਲਾਇਆ ਕਿ ਸਰਕਾਰ ਦੀ ਬਦਨਾਮੀ ਪ੍ਰਸ਼ਾਸਨ ਦੇ ਅਧਿਕਾਰੀ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਨੂੰ ਗੁਮਰਾਹ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਧਿਕਾਰੀ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਕੰਮ ਵਿੱਚ ਅੜਿੱਕਾ ਨਾ ਬਣ ਸਕੇ। ਸੀਵਰੇਜ ਬੋਰਡ ਤੇ ਨਗਰ ਨਿਗਮ ਦੇ ਅਧਿਕਾਰੀ ਇੱਕ ਦੂਜੇ ਦੀ ਆੜ ਲੈ ਕੇ ਬਚ ਰਹੇ ਸਨ। ਉਨ੍ਹਾਂ ਦੋਵੇਂ ਧਿਰਾਂ ਨੂੰ ਮੀਡੀਆ ਦੇ ਸਾਹਮਣੇ ਕਰਦਿਆਂ ਪਾਣੀ ਜ਼ਹਿਰੀਲਾ ਕਰਨ ’ਤੇ ਉਨ੍ਹਾਂ ਦੀ ਜਵਾਬਤਲਬੀ ਕੀਤੀ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰੰਮ ਨੂੰ ਨਾਕਾਮ ਬਣਾਉਣ ਵਾਲਿਆਂ ਦੀ ਮਿਲੀਭੁਗਤ ਨੂੰ ਵੀ ਸਾਹਮਣੇ ਲਿਆਵਾਂਗੇ। ਸੀਵਰੇਜ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀ ਪਹਿਲਾਂ ਇੱਕ-ਦੂਜੇ ’ਤੇ ਦੋਸ਼ ਲਾਉਂਦੇ ਰਹੇ ਪਰ ਰਾਜ ਸਭਾ ਮੈਂਬਰ ਸੀਚੇਵਾਲ ਦੀ ਸਖ਼ਤੀ ਅੱਗੇ ਦੋਵਾਂ ਵਿਭਾਗਾਂ ਦੀ ਕੋਈ ਪੇਸ਼ ਨਾ ਚੱਲੀ ਤੇ ਆਖ਼ਰ ਉਨ੍ਹਾਂ ਨੂੰ ਆਪਣੀ ਇਹ ਗਲਤੀ ਵੀ ਮੰਨਣੀ ਪਈ ਤੇ ਇਸ ਨੂੰ ਸੁਧਾਰਨ ਲਈ ਕੰਮ ਵੀ ਸ਼ੁਰੂ ਕਰਨਾ ਪਿਆ।
ਵਿਧਾਇਕ ਦਲਜੀਤ ਗਰੇਵਾਲ ਮੌਕੇ ’ਤੇ ਪਹੁੰਚੇ
ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਉਚੇਚੇ ਤੌਰ ’ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਣ ਵਾਸਤੇ ਸੰਗਤ ਘਾਟ ਪਹੁੰਚੇ ਅਤੇ ਦਰਿਆ ਦੇ ਪਾਣੀ ਵਿੱਚ ਆਈ ਸਿਫਤੀ ਤਬਦੀਲੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਸ੍ਰੀ ਗਰੇਵਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 16 ਨਵੰਬਰ ਨੂੰ ਭੂਖੜੀ ਤੋਂ ਆ ਰਹੇ ਨਗਰ ਕੀਰਤਨ ਤੋਂ ਪਹਿਲਾਂ ਸੜਕ ਦੀ ਮੁਰੰਮਤ ਕੀਤੀ ਜਾਵੇ।

