ਉੜੀਸਾ: ਗੈਰਕਾਨੂੰਨੀ ਮੈਗਨੀਜ਼ ਕੱਢਣ ਮੌਕੇ ਢਿੱਗਾਂ ਡਿੱਗਣ ਕਾਰਨ ਤਿੰਨ ਦੀ ਮੌਤ
ਕਿਓਂਝਰ, 2 ਜੁਲਾਈ
ਉੜੀਸਾ ਦੇ ਕਿਓਂਝਰ ਜ਼ਿਲ੍ਹੇ ਵਿੱਚ ਇੱਕ ਖਾਨ ਤੋਂ ਗੈਰ-ਕਾਨੂੰਨੀ ਤੌਰ ’ਤੇ ਮੈਗਨੀਜ਼ ਕੱਢਣ ਦੌਰਾਨ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਨਾਲ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿਹਾ ਕਿ ਇਹ ਘਟਨਾ ਜੋੜਾ ਪੁਲੀਸ ਸੀਮਾ ਦੇ ਅਧੀਨ ਬਿਚਕੁੰਡੀ ਦਲਪਹਾਰ ਨੇੜੇ ਇੱਕ ਮੈਗਨੀਜ਼ ਖਾਨ ਵਿੱਚ ਵਾਪਰੀ, ਜਦੋਂ ਕੁਝ ਲੋਕ ਗੈਰ-ਕਾਨੂੰਨੀ ਤੌਰ ’ਤੇ ਖਣਿਜ ਕੱਢ ਰਹੇ ਸਨ।
ਪੱਛਮੀ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ ਬ੍ਰਿਜੇਸ਼ ਕੁਮਾਰ ਰਾਏ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ, "ਇੱਕ ਲਾਸ਼ ਸਵੇਰੇ 2 ਵਜੇ ਦੇ ਕਰੀਬ ਅਤੇ ਦੋ ਹੋਰ ਲਾਸ਼ਾਂ ਸਵੇਰੇ ਬਰਾਮਦ ਕੀਤੀਆਂ ਗਈਆਂ। ਸਾਰੀਆਂ ਲਾਸ਼ਾਂ ਨੂੰ ਟਾਟਾ ਹਸਪਤਾਲ ਭੇਜ ਦਿੱਤਾ ਗਿਆ ਹੈ।’’ ਪੁਲਿਸ ਨੇ ਕਿਹਾ ਕਿ ਬੈਤਰਨੀ ਰਿਜ਼ਰਵ ਫੋਰੈਸਟ ਖੇਤਰ ਦੇ ਅੰਦਰ ਸਥਿਤ ਇੱਕ ਖਾਨ ਵਿਚ ਤਿੰਨੇ ਵਿਅਕਤੀ ਗੈਰ-ਕਾਨੂੰਨੀ ਤੌਰ ’ਤੇ ਮੈਗਨੀਜ਼ ਕੱਢਣ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਮ੍ਰਿਤਕਾਂ ਦੀ ਪਛਾਣ ਸੰਦੀਪ ਪੁਰਤੀ (32), ਕੰਡੇ ਮੁੰਡਾ (19) ਅਤੇ ਗੁਰੂ ਚੰਪੀਆ (18) ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਸਾਰੇ ਕਿਓਂਝਰ ਜ਼ਿਲ੍ਹੇ ਦੇ ਜੋੜਾ ਥਾਣਾ ਖੇਤਰ ਦੇ ਅਧੀਨ ਆਉਂਦੇ ਬਿਚਕੁੰਡੀ ਦੇ ਵਸਨੀਕ ਹਨ। ਕਿਓਂਝਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਦੌਰਾਨ ਛੇ ਘੰਟੇ ਚੱਲੇ ਬਚਾਅ ਕਾਰਜ ਤੋਂ ਬਾਅਦ ਲਾਸ਼ਾਂ ਬਰਾਮਦ ਕੀਤੀਆਂ ਗਈਆਂ। -ਪੀਟੀਆਈ