ਉੜੀਸਾ: ਜ਼ਿੰਦਗੀ ਲਈ ਲੜ ਰਹੀ ਹੈ ਖ਼ੁਦ ਨੂੰ ਅੱਗ ਲਾਉਣ ਵਾਲੀ ਵਿਦਿਆਰਥਣ
ਭੁਬਨੇਸ਼ਵਰ, 13 ਜੁਲਾਈ
ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਅੱਜ ਕਿਹਾ ਕਿ ਬਾਲਾਸੌਰ ਵਿੱਚ ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੀ ਕਾਲਜ ਦੀ ਵਿਦਿਆਰਥਣ ਦੀ ਹਾਲਤ ਗੰਭੀਰ ਹੈ ਅਤੇ ਸੂਬਾ ਸਰਕਾਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਕੌਮੀ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਖ਼ੁਦ ਨੋਟਿਸ ਲੈਂਦਿਆਂ ਉੜੀਸਾ ਦੇ ਡੀਜੀਪੀ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਕਾਰਵਾਈ ਦੀ ਰਿਪੋਰਟ ਤਿੰਨ ਦਿਨਾਂ ਅੰਦਰ ਸੌਂਪਣ ਲਈ ਕਿਹਾ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੈ ਰਾਹਤਕਰ ਨੇ ਡੀਜੀਪੀ ਨੂੰ ‘ਨਿਰਪੱਖ ਅਤੇ ਸਮਾਂ-ਬੱਧ’ ਢੰਗ ਨਾਲ ਜਾਂਚ ਯਕੀਨੀ ਬਣਾਉਣ ਲਈ ਵੀ ਕਿਹਾ। ਉਧਰ, ਉੜੀਸਾ ਦੀਆਂ ਦੋ ਮੁੱਖ ਵਿਰੋਧੀ ਧਿਰਾਂ ਬੀਜੂ ਜਨਤਾ ਦਲ ਅਤੇ ਕਾਂਗਰਸ ਨੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਸੂਬੇ ਦੇ ਉੱਚ ਸਿੱਖਿਆ ਮੰਤਰੀ ਸੂਰਿਆਵੰਸ਼ੀ ਸੂਰਜ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ।
ਵੀਹ ਸਾਲਾ ਵਿਦਿਆਰਥਣ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਸਬੰਧੀ ਕਥਿਤ ਇਨਸਾਫ਼ ਨਾ ਮਿਲਣ ਮਗਰੋਂ ਬਾਲਾਸੌਰ ਦੇ ਕਾਲਜ ਕੈਂਪਸ ਵਿੱਚ ਖੁਦ ਨੂੰ ਅੱਗ ਲਾ ਲਈ ਸੀ। -ਪੀਟੀਆਈ