ਉੜੀਸਾ: ਅੱਗ ਪੀੜਤ ਨਾਬਲਗ ਲੜਕੀ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸੈਂਕੜੇ ਲੋਕ ਉਮੜੇ
ਉੜੀਸਾ ਦੇ ਪੁਰੀ ਜ਼ਿਲ੍ਹੇ ਦੇ ਬਯਾਬਰ ਪਿੰਡ ਵਿੱਚ ਸੋਮਵਾਰ ਨੂੰ ਸੈਂਕੜੇ ਲੋਕ 15 ਸਾਲਾ ਲੜਕੀ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ, ਜਿਸਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਕਥਿਤ ਤੌਰ ’ਤੇ ਪੀੜਤ ਲੜਕੀ ਨੂੰ 19 ਜੁਲਾਈ ਨੂੰ ਬਲੰਗਾ ਖੇਤਰ ਵਿੱਚ ਉਸ ਦੇ ਘਰ ਨੇੜੇ ਤਿੰਨ ਬਦਮਾਸ਼ਾਂ ਨੇ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ ਸੀ। ਅਗਲੇ ਦਿਨ ਏਅਰਲਿਫਟ ਕਰਕੇ ਉਸ ਨੂੰ ਏਮਜ਼-ਦਿੱਲੀ ਲਿਜਾਇਆ ਗਿਆ, ਪਰ 70 ਫੀਸਦੀ ਤੋਂ ਵੱਧ ਝੁਲਸ ਜਾਣ ਕਾਰਨ ਸ਼ਨਿਚਰਵਾਰ ਸ਼ਾਮ ਨੂੰ ਉਸ ਨੇ ਦਮ ਤੋੜ ਦਿੱਤਾ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉੜੀਸਾ ਅਤੇ ਹੋਰ ਥਾਵਾਂ ’ਤੇ ਭਾਰੀ ਰੋਸ ਫੈਲ ਗਿਆ।
ਉਪ ਮੁੱਖ ਮੰਤਰੀ ਪ੍ਰਵਤੀ ਪਰੀਦਾ, ਜੋ ਨਿਮਾਪਾਰਾ ਵਿਧਾਨ ਸਭਾ ਹਲਕੇ ਦੀ ਸਥਾਨਕ ਵਿਧਾਇਕਾ ਵੀ ਹਨ, ਨੇ ਪਿਪਲੀ ਦੇ ਵਿਧਾਇਕ ਆਸ਼ਰਿਤ ਪਟਨਾਇਕ ਦੇ ਨਾਲ ਲੜਕੀ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਲੜਕੀ ਦੀ ਮ੍ਰਿਤਕ ਦੇਹ ਕੌਮੀ ਰਾਜਧਾਨੀ ਤੋਂ ਇੱਥੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲਿਆਉਣ ਤੋਂ ਬਾਅਦ ਐਤਵਾਰ ਰਾਤ ਨੂੰ ਪਿੰਡ ਪਹੁੰਚੀ।
ਇੱਕ ਸਥਾਨਕ ਵਿਅਕਤੀ ਨੇ ਦੱਸਿਆ, ‘‘ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਲੜਕੀ ਦੀ ਦੇਹ ਨੂੰ ਬਯਾਬਰ ਪਿੰਡ ਦੀ ਨੂਆਗੋਪਾਲਪੁਰ ਬਸਤੀ ਵਿੱਚ ਉਸਦੇ ਘਰ ਰੱਖਿਆ ਗਿਆ ਸੀ।" ਪੁਲੀਸ ਨੇ ਦੱਸਿਆ ਕਿ ਭਾਈਚਾਰੇ ਦੀ ਪਰੰਪਰਾ ਅਨੁਸਾਰ ਲੜਕੀ ਦੀ ਦੇਹ ਨੂੰ ਪਿੰਡ ਦੇ ਨੇੜੇ ਦਫ਼ਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਯਾਬਰ ਵਿੱਚ ਲਗਪਗ 100 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਪੀੜਤਾ ਦੀ ਮਾਂ ਨੇ ਆਪਣੀ ਐੱਫਆਈਆਰ ਵਿੱਚ ਦੋਸ਼ ਲਾਇਆ ਸੀ ਕਿ 19 ਜੁਲਾਈ ਦੀ ਸਵੇਰ ਨੂੰ ਤਿੰਨ ਵਿਅਕਤੀਆਂ ਨੇ ਉਸ ਦੀ ਧੀ ਨੂੰ ਅੱਗ ਲਗਾ ਦਿੱਤੀ ਸੀ, ਪਰ ਕਿ ਉਸਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਉੜੀਸਾ ਪੁਲੀਸ ਨੇ ਦਾਅਵਾ ਕੀਤਾ ਕਿ ਇਸ ਵਿੱਚ ਕੋਈ ਵੀ ਵਿਅਕਤੀ ਸ਼ਾਮਲ ਨਹੀਂ ਸੀ ਅਤੇ ਮਾਮਲੇ ਨੂੰ ਲੈ ਕੇ ਸਨਸਨੀਖੇਜ਼ ਬਿਆਨ ਨਾ ਦੇਣ ਦੀ ਬੇਨਤੀ ਕੀਤੀ।
ਉਧਰ ਲੜਕੀ ਦੇ ਪਿਤਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੇ ਪ੍ਰੇਸ਼ਾਨੀ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।