Odisha flash flood: ਉੜੀਸਾ ਦੇ ਸਵਰਨਰੇਖਾ ਦਰਿਆ ਵਿੱਚ ਅਚਾਨਕ ਹੜ੍ਹ ਕਾਰਨ 50,000 ਲੋਕ ਪ੍ਰਭਾਵਿਤ
ਬਾਲਾਸੋਰ (ਉੜੀਸਾ) 20 ਜੂਨ
ਇੱਕ ਅਧਿਕਾਰੀ ਨੇ ਦੱਸਿਆ ਕਿ ਗੁਆਂਢੀ ਸੂਬੇ ਝਾਰਖੰਡ ਵਿੱਚ ਭਾਰੀ ਮੀਂਹ ਤੋਂ ਬਾਅਦ ਸ਼ਨਿੱਚਰਵਾਰ ਨੂੰ ਸਵਰਨਰੇਖਾ ਦਰਿਆ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ, ਜਿਸ ਕਾਰਨ 50,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ।
ਅਧਿਕਾਰੀ ਨੇ ਕਿਹਾ ਕਿ ਭੋਗਰਾਈ, ਬਲਿਆਪਾਲ, ਬਸਤਾ ਅਤੇ ਜਲੇਸ਼ਵਰ ਨੋਟੀਫਾਈਡ ਏਰੀਆ ਕੌਂਸਲ (ਐਨਏਸੀ) ਦੇ ਤਿੰਨ ਬਲਾਕਾਂ ਦੇ 17 ਗ੍ਰਾਮ ਪੰਚਾਇਤ ਖੇਤਰ ਅਚਾਨਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਤਿਆਰੀ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਥਿਤੀ ਵਿਗੜਨ ਦੀ ਸੂਰਤ ਵਿਚ ਨੇੜਲੇ ਚੱਕਰਵਾਤ ਆਸਰਾ ਸਥਾਨਾਂ ਵਿੱਚ ਜਾਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਬਾਲਾਸੋਰ ਦੇ ਜ਼ਿਲ੍ਹਾ ਕੁਲੈਕਟਰ ਸੂਰਿਆਵੰਸ਼ੀ ਮਯੂਰ ਵਿਕਾਸ ਨੇ ਬਲਾਕ ਵਿਕਾਸ ਅਧਿਕਾਰੀਆਂ (ਬੀਡੀਓ) ਅਤੇ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਜੇ ਲੋੜ ਪਈ ਤਾਂ ਲੋਕਾਂ ਨੂੰ ਕੱਢਣ ਲਈ ਤਿਆਰ ਰਹਿਣ।
ਜ਼ਿਲ੍ਹਾ ਐਮਰਜੈਂਸੀ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਕਿ ਭਾਵੇਂ ਰਾਜਘਾਟ ਵਿਖੇ ਸਵਰਨਰੇਖਾ ਦੇ ਪਾਣੀ ਦਾ ਪੱਧਰ ਘਟ ਰਿਹਾ ਸੀ, ਪਰ ਇਹ ਅਜੇ ਵੀ 10.36 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਦੇ ਮੁਕਾਬਲੇ 11.9 ਮੀਟਰ 'ਤੇ ਬਣਿਆ ਹੋਇਆ ਹੈ। -ਪੀਟੀਆਈ