ਸਰਕਾਰ ਨੂੰ ਝੋਨਾ ਵੇਚਣ ਲਈ ਰਜਿਸਟਰੇਸ਼ਨ ਕਰਵਾ ਸਕਦੇ ਨੇ ਉੜੀਸਾ ਦੇ ਕਿਸਾਨ: ਪਾਤਰਾ
ਉੜੀਸਾ ਦੇ ਕਿਸਾਨ ਹੁਣ ਸਾਉਣੀ ਮੰਡੀਕਰਨ ਸੀਜ਼ਨ 2025-26 ਦੌਰਾਨ ਸਰਕਾਰ ਨੂੰ ਆਪਣਾ ਝੋਨਾ ਵੇਚਣ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਹ ਜਾਣਕਾਰੀ ਅੱਜ ਖੁਰਾਕ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਕ੍ਰਿਸ਼ਨ ਚੰਦਰ ਪਾਤਰਾ ਨੇ ਦਿੱਤੀ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਤਰਾ ਨੇ ਕਿਹਾ, “ਅਸੀਂ ਝੋਨੇ ਦੀ ਖਰੀਦ ਪ੍ਰਕਿਰਿਆ ਵਿੱਚ ਕਿਸਾਨਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਹੋਰ ਆਸਾਨ ਬਣਾ ਦਿੱਤਾ ਹੈ। ਹੁਣ ਉਹ ਇੱਕ ਸਵੈ-ਘੋਸ਼ਣਾ ਫਾਰਮ ਜਮ੍ਹਾਂ ਕਰ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ, ਜੋ ਕਿ ਅਸੀਂ ਸਾਰੇ ਜ਼ਿਲ੍ਹਿਆਂ ਵਿੱਚ ਭੇਜ ਦਿੱਤਾ ਹੈ।” ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਝੋਨੇ ਦੇ ਕਿਸਾਨਾਂ ਦੀ ਰਜਿਸਟਰੇਸ਼ਨ ਦੀ ਆਖਰੀ ਤਰੀਕ 20 ਅਗਸਤ ਤੋਂ ਵਧਾ ਕੇ 25 ਅਗਸਤ ਕਰ ਦਿੱਤੀ ਹੈ। ਹੁਣ ਕਿਸਾਨਾਂ ਦੀ ਪੂਰੀ ਰਜਿਸਟਰੇਸ਼ਨ ਪ੍ਰਕਿਰਿਆ 30 ਅਗਸਤ ਤੱਕ ਪੂਰੀ ਹੋ ਜਾਵੇਗੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਵੱਡੀ ਗਿਣਤੀ ਕਿਸਾਨਾਂ ਨੂੰ ਜ਼ਮੀਨ ਦੀ ਰਜਿਸਟਰੇਸ਼ਨ ਕਰਵਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦਾ ਕਾਰਨ ਕਾਨੂੰਨੀ ਵਾਰਸਾਂ, ਸਹਿ-ਹਿੱਸੇਦਾਰਾਂ ਤੋਂ ਸਹਿਮਤੀ ਪੱਤਰ ਅਤੇ ਮਾਲ ਅਧਿਕਾਰੀ ਤੋਂ ਜੱਦੀ-ਪੁਸ਼ਤੀ ਰਿਪੋਰਟ ਵਰਗੇ ਕੁਝ ਦਸਤਾਵੇਜ਼ ਨਾ ਮਿਲਣਾ ਜਾਂ ਉਨ੍ਹਾਂ ਨੂੰ ਜਮ੍ਹਾਂ ਕਰਨ ਵਿੱਚ ਦੇਰੀ ਹੋਣਾ ਸੀ।