DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੜੀਸਾ: ਆਤਮਦਾਹ ਕਰਨ ਵਾਲੀ ਵਿਦਿਆਰਥਣ ਦਾ ਸਸਕਾਰ

ਯੂਜੀਸੀ ਵੱਲੋਂ ਜਾਂਚ ਲਈ ਚਾਰ ਮੈਂਬਰੀ ਕਮੇਟੀ ਗਠਿਤ; ਮੁੱਖ ਮੰਤਰੀ ਵੱਲੋਂ ਪਰਿਵਾਰ ਨੂੰ 20 ਲੱਖ ਰੁਪਏ ਦਾ ਐਕਸਗ੍ਰੇਸ਼ੀਆ ਦੇਣ ਦਾ ਐਲਾਨ
  • fb
  • twitter
  • whatsapp
  • whatsapp
featured-img featured-img
ਬਾਲਾਸੋਰ ਜ਼ਿਲ੍ਹੇ ਦੇ ਪਿੰਡ ਵਿੱਚ ਵਿਦਿਆਥਣ ਦੇ ਸਸਕਾਰ ਮੌਕੇ ਮੌਜੂਦ ਲੋਕ। -ਫੋਟੋ: ਪੀਟੀਆਈ
Advertisement

ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਪ੍ਰੋਫੈਸਰ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਕੀਤੇ ਜਾਣ ਮਗਰੋਂ ਆਤਮਦਾਹ ਕਰਨ ਵਾਲੀ ਕਾਲਜ ਵਿਦਿਆਰਥਣ ਦਾ ਅੱਜ ਉਸ ਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਦੇ ਸਮਸ਼ਾਨਘਾਟ ਵਿੱਚ ਭਾਜਪਾ ਦੇ ਬਾਲਾਸੌਰ ਤੋਂ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਸਮੇਤ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਵਿਦਿਆਰਥਣ ਦੇ ਚਚੇਰੇ ਭਰਾ ਨੇ ਉਸ ਦੀ ਚਿਖ਼ਾ ਨੂੰ ਅਗਨੀ ਦਿੱਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਵਿਦਿਆਰਥਣ ਦੇ ਪਿਤਾ ਨੇ ਆਪਣੀ ਧੀ ਦੀ ਮੌਤ ਲਈ ਕਾਲਜ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਧਰ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਇਸ ਘਟਨਾ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਪੁਲੀਸ ਨੇ ਵੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਫਾਸਟ ਟਰੈਕ ਇਨੀਸ਼ੀਏਟਿਵ (ਐੱਸਟੀਆਈ) ਟੀਮ ਗਠਿਤ ਕੀਤੀ ਹੈ। ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਵਿਦਿਆਰਥਣ ਦੇ ਪਰਿਵਾਰ ਲਈ 20 ਲੱਖ ਰੁਪਏ ਦਾ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਬਾਲਾਸੌਰ ਦੇ ਫਕੀਰ ਮੋਹਨ (ਖ਼ੁਦਮੁਖਤਿਆਰ) ਕਾਲਜ ਵਿੱਚ ਬੀਐੱਡ ਦੂਜੇ ਸਾਲ ਦੀ ਵਿਦਿਆਰਥਣ (20) ਨੇ ਸਿੱਖਿਆ ਵਿਭਾਗ ਦੇ ਮੁਖੀ ਸਮੀਰਾ ਕੁਮਾਰ ਸਾਹੂ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਨਸਾਫ਼ ਨਾ ਮਿਲਣ ’ਤੇ ਖੁਦ ਨੂੰ ਅੱਗ ਲਾਉਣ ਵਾਲੀ ਵਿਦਿਆਰਥਣ ਨੇ ਤਿੰਨ ਦਿਨ ਤੱਕ ਜ਼ਿੰਦਗੀ ਲਈ ਲੜਨ ਮਗਰੋਂ ਭੁਬਨੇਸ਼ਵਰ ਦੇ ਏਮਸ ਵਿੱਚ ਬੀਤੀ ਰਾਤ ਦਮ ਤੋੜ ਦਿੱਤਾ ਸੀ।

Advertisement

ਭਾਜਪਾ ਦੇ ਸਿਸਟਮ ਨੇ ਵਿਦਿਆਰਥਣ ਦੀ ਹੱਤਿਆ ਕੀਤੀ: ਰਾਹੁਲ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੜੀਸਾ ਦੇ ਬਾਲਾਸੌਰ ਵਿੱਚ ਆਤਮਦਾਹ ਕਰਨ ਵਾਲੀ ਵਿਦਿਆਰਥਣ ਦੀ ਮੌਤ ਮਗਰੋਂ ਅੱਜ ਦੋਸ਼ ਲਾਇਆ ਕਿ ਭਾਜਪਾ ਦੇ ‘ਸਿਸਟਮ’ ਨੇ ਇਸ ਲੜਕੀ ਦੀ ਜਾਨ ਲੈ ਲਈ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ’ਤੇ ਚੁੱਪ ਨਹੀਂ ਰਹਿਣਾ ਚਾਹੀਦਾ, ਸਗੋਂ ਜਵਾਬ ਦੇਣਾ ਚਾਹੀਦਾ ਹੈ। ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਰਾਹੁਲ ’ਤੇ ਮੋੜਵਾਂ ਹਮਲਾ ਬੋਲਦਿਆਂ ਉਨ੍ਹਾਂ ’ਤੇ ‘ਹੋਛੀ ਸਿਆਸਤ’ ਕਰਨ ਦਾ ਦੋਸ਼ ਲਾਇਆ। ਉੜੀਸਾ ਦੇ ਵਿਰੋਧੀ ਧਿਰ ਦੇ ਨੇਤਾ ਨਵੀਨ ਪਟਨਾਇਕ ਨੇ ਕਿਹਾ ਕਿ ਵਿਦਿਆਰਥਣ ਦੀ ਮੌਤ ‘ਸਿਸਟਮ ਦੀ ਨਾਕਾਮੀ’ ਕਾਰਨ ਹੋਈ ਹੈ। ਬੀਜੂ ਜਨਤਾ ਦਲ ਨੇ ਇਸ ਮਾਮਲੇ ਵਿੱਚ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਧਰ ਵਿਰੋਧੀ ਧਿਰਾਂ ਨੇ ਇਸ ਘਟਨਾ ਦੇ ਵਿਰੋਧ ਵਿੱਚ 17 ਜੁਲਾਈ ਨੂੰ ‘ਉੜੀਸਾ ਬੰਦ’ ਰੱਖਣ ਦਾ ਸੱਦਾ ਦਿੱਤਾ ਹੈ। -ਪੀਟੀਆਈ

Advertisement
×