ਪੰਜਾਬ ਤੇ ਚੰਡੀਗੜ੍ਹ ਦੇ ਬਜ਼ੁਰਗਾਂ ’ਚ ਤੇਜ਼ੀ ਨਾਲ ਵਧ ਰਿਹੈ ਮੋਟਾਪਾ
ਪੰਜਾਬ ਤੇ ਚੰਡੀਗੜ੍ਹ ਵਿੱਚ ਮੋਟਾਪਾ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਪੰਜਾਬ ਵਿੱਚ 28 ਫੀਸਦ ਅਤੇ ਚੰਡੀਗੜ੍ਹ ਵਿੱਚ 21.5 ਫੀਸਦ ਬਜ਼ੁਰਗਾਂ ਦਾ ਭਾਰ ਜ਼ਿਆਦਾ ਹੈ ਅਤੇ ਉਹ ਮੋਟਾਪੇ ਦਾ ਸ਼ਿਕਾਰ ਹਨ। ਇਸੇ ਤਰ੍ਹਾਂ 60 ਸਾਲ ਅਤੇ ਉਸ ਤੋਂ ਵੱਧ ਉਮਰ ਵਾਲੇ 35.6 ਫੀਸਦ ਲੋਕ ਦਿਲ ਦੇ ਰੋਗਾਂ, 32 ਫੀਸਦ ਹਾਈ ਬਲੱਡ ਪ੍ਰੈਸ਼ਰ ਅਤੇ 13.2 ਫੀਸਦ ਲੋਕ ਸ਼ੂਗਰ ਦੇ ਮਰੀਜ਼ ਹਨ। ਪੰਜਾਬ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 12.6 ਫੀਸਦ ਹੈ। ਉਂਝ, ਕੇਰਲਾ 16.5 ਫੀਸਦ ਬਜ਼ੁਰਗਾਂ ਦੀ ਆਬਾਦੀ ਨਾਲ ਸਿਖ਼ਰ ’ਤੇ ਹੈ। ਇਹ ਜਾਣਕਾਰੀ ਇਕ ਨਵੀਂ ਰਿਪੋਰਟ ਤੋਂ ਸਾਹਮਣੇ ਆਈ ਹੈ। ਇਸ ਅਧਿਐਨ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਭਾਰਤ ਦੀ ਲਗਪਗ 70 ਫੀਸਦ ਬਜ਼ੁਰਗ ਆਬਾਦੀ ਆਰਥਿਕ ਤੌਰ ’ਤੇ ਨਿਰਭਰ ਹੈ ਅਤੇ ਕਈ ਲੋਕ ਸੇਵਾਮੁਕਤੀ ਤੋਂ ਬਾਅਦ ਵੀ ਕੰਮ ਕਰਨਾ ਜਾਰੀ ਰੱਖਦੇ ਹਨ। ‘ਭਾਰਤ ਵਿੱਚ ਬਜ਼ੁਰਗ ਅਵਸਥਾ: ਚੁਣੌਤੀਆਂ ਤੇ ਮੌਕੇ’ ਨਾਮ ਦੇ ਅਧਿਐਨ ਨੂੰ ‘ਸੰਕਲਪ ਫਾਊਂਡੇਸ਼ਨ ਨੇ ਨੀਤੀ ਆਯੋਗ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਭਾਈਵਾਲੀ ਵਿੱਚ ਜਾਰੀ ਕੀਤਾ ਹੈ। ਇਹ ਰਿਪੋਰਟ ਭਾਰਤ ਵਿੱਚ ਲੌਂਗੀਟਿਊਡਨਲ ਏਜਿੰਗ ਸਟੱਡੀ (ਐੱਲਏਐੱਸਆਈ) ਦੇ ਨਤੀਜਿਆਂ ’ਤੇ ਆਧਾਰਿਤ ਹੈ, ਜੋ ਕਿ ਭਾਰਤ ਦੀ ਤੇਜ਼ੀ ਨਾਲ ਬਿਰਤ ਹੁੰਦੀ ਆਬਾਦੀ ਦਾ ਵਿਸਥਾਰ ਵਿੱਚ ਵੇਰਵਾ ਪੇਸ਼ ਕਰਦੀ ਹੈ। ਰਿਪੋਰਟ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਹੈ ਕਿ ਕਈ ਭਾਰਤੀ ਬਜ਼ੁਰਗ ਆਰਥਿਕ ਤੇ ਸਿਹਤ ਸਬੰਧੀ ਅਸੁਰੱਖਿਆਵਾਂ ਦੇ ਨਾਲ ਹੀ ਰਹਿ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਗਪਗ 6.4 ਫੀਸਦ ਬਜ਼ੁਰਗਾਂ ਨੇ ਆਪਣੇ ਭੋਜਨ ਦੀ ਮਾਤਰਾ ਘੱਟ ਕਰ ਦਿੱਤੀ, 5.6 ਫੀਸਦ ਬਜ਼ੁਰਗ ਬਿਨਾ ਖਾਣਾ ਖਾਧੇ ਭੁੱਖੇ ਰਹੇ ਅਤੇ 4.2 ਫੀਸਦ ਨੇ ਪਿਛਲੇ ਸਾਲ ਵਿੱਚ ਘੱਟੋ ਘੱਟ ਇਕ ਵਾਰ ਪੂਰਾ ਦਿਨ ਕੁਝ ਨਹੀਂ ਖਾਧਾ।