ਹੁਣ ਪਹਿਲਵਾਨ ਵਰਿੰਦਰ ਯਾਦਵ ਨੇ ਪਦਮਸ੍ਰੀ ਮੋੜਨ ਦਾ ਕੀਤਾ ਐਲਾਨ
ਬਜਰੰਗ ਪੂਨੀਆ ਤੇ ਹੋਰ ਪਹਿਲਵਾਨਾਂ ਨਾਲ ਇਕਜੁੱਟਤਾ ਪ੍ਰਗਟਾਈ
ਨਵੀਂ ਦਿੱਲੀ, 23 ਦਸੰਬਰ
ਡੈੱਫਲੰਪਿਕਸ ਦੇ ਸੋਨ ਤਮਗਾ ਜੇਤੂ ਵਰਿੰਦਰ ਸਿੰਘ ਯਾਦਵ ਨੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਕਰੀਬੀ ਸੰਜੈ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਚੋਣਾਂ ’ਚ ਪ੍ਰਧਾਨ ਚੁਣੇ ਜਾਣ ਖ਼ਿਲਾਫ਼ ਦੇਸ਼ ਦੇ ਸਿਖਰਲੇ ਪਹਿਲਵਾਨਾਂ ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਆਪਣਾ ਪਦਮਸ੍ਰੀ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ‘ਗੂੰਗਾ ਪਹਿਲਵਾਨ’ ਦੇ ਨਾਂ ਨਾਲ ਮਸ਼ਹੂਰ ਵਰਿੰਦਰ ਨੇ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਆਪਣਾ ਸਨਮਾਨ ਵਾਪਸ ਕਰ ਦੇਵੇਗਾ।
ਵਰਿੰਦਰ ਨੇ ਐਕਸ ’ਤੇ ਕਿਹਾ, ‘‘ਆਪਣੀ ਭੈਣ ਅਤੇ ਦੇਸ਼ ਦੀ ਧੀ ਲਈ ਮੈਂ ਵੀ ਪਦਮਸ੍ਰੀ ਪੁਰਸਕਾਰ ਵਾਪਸ ਕਰਾਂਗਾ। ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੈਨੂੰ ਤੁਹਾਡੀ ਬੇਟੀ ਅਤੇ ਆਪਣੀ ਭੈਣ ਸਾਕਸ਼ੀ ਮਲਿਕ ’ਤੇ ਮਾਣ ਹੈ।’’ ਉਸ ਨੇ ਦੇਸ਼ ਦੀਆਂ ਉੱਘੀਆਂ ਖੇਡ ਹਸਤੀਆਂ ਸਚਿਨ ਤੇਂਦੁਲਕਰ ਅਤੇ ਨੀਰਜ ਚੋਪੜਾ ਨੂੰ ਵੀ ਇਸ ਮੁੱਦੇ ’ਤੇ ਆਪਣੀ ਰਾਇ ਦੇਣ ਦੀ ਅਪੀਲ ਕੀਤੀ। ਸਾਬਕਾ ਕ੍ਰਿਕਟਰ ਸਚਿਨ ਅਤੇ ਓਲੰਪਿਕ ਚੈਂਪੀਅਨ ਚੋਪੜਾ ਨੂੰ ਟੈਗ ਕਰਦਿਆਂ ਉਸ ਨੇ ਕਿਹਾ, ‘‘ਮੈਂ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਵੀ ਆਪਣੀ ਰਾਏ ਦੇਣ ਦੀ ਬੇਨਤੀ ਕਰਦਾ ਹਾਂ।’’ ਜ਼ਿਕਰਯੋਗ ਹੈ ਕਿ ਵਰਿੰਦਰ ਨੂੰ 2021 ਵਿੱਚ ਦੇਸ਼ ਦਾ ਚੌਥਾ ਸਰਬਉੱਚ ਨਾਗਰਿਕ ਪੁਰਸਕਾਰ ਪਦਮਸ੍ਰੀ ਮਿਲਿਆ ਸੀ। ਇਸ ਤੋਂ ਪਹਿਲਾਂ 2015 ’ਚ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। -ਪੀਟੀਆਈ
ਮੈਂ ਬ੍ਰਿਜ ਭੂਸ਼ਨ ਦਾ ਡੰਮੀ ਉਮੀਦਵਾਰ ਨਹੀਂ: ਸੰਜੈ ਸਿੰਘ

ਖੇਡ ਮੰਤਰੀ ਨੇ ਵਿਵਾਦ ’ਤੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ


