DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਆ ਗੱਠਜੋੜ ਵੱਲੋਂ ਧਨਖੜ ਖਿਲਾਫ਼ ਬੇਭਰੋਸਗੀ ਮਤੇ ਦਾ ਨੋਟਿਸ

* ਉਪ ਰਾਸ਼ਟਰਪਤੀ ਉੱਤੇ ਸਦਨ ਦੇ ਚੇਅਰਮੈਨ ਵਜੋਂ ਪੱਖਪਾਤੀ ਰਵੱਈਏ ਦੇ ਦੋਸ਼ ਲਾਏ * ਮਤੇ ’ਤੇ ਵਿਰੋਧੀ ਪਾਰਟੀਆਂ ਦੇ 60 ਸੰਸਦ ਮੈਂਬਰਾਂ ਨੇ ਦਸਤਖ਼ਤ ਕੀਤੇ
  • fb
  • twitter
  • whatsapp
  • whatsapp
featured-img featured-img
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ (ਸੱਜੇ) ਨੂੰ ਸੀਟਾਂ ਉੱਤੇ ਬੈਠਣ ਲਈ ਆਖਦੇ ਹੋਏ। -ਫੋਟੋਆਂ: ਪੀਟੀਆਈ
Advertisement

* ਵਿਰੋਧੀ ਧਿਰ ਨੇ ਮਤੇ ਨੂੰ ‘ਸੰਸਦੀ ਜਮਹੂਰੀਅਤ ਦੀ ਲੜਾਈ ਲਈ ਮਜ਼ਬੂਤ ਸੁਨੇਹਾ’ ਦੱਸਿਆ

ਨਵੀਂ ਦਿੱਲੀ, 10 ਦਸੰਬਰ

Advertisement

ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ ਵਜੋਂ ‘ਪੱਖਪਾਤੀ’ ਵਤੀਰਾ ਅਪਣਾਉਣ ਦਾ ਦੋਸ਼ ਲਾਉਂਦਿਆਂ ਰਾਜ ਸਭਾ ਵਿਚ ਅੱਜ ਬੇਭਰੋੋਸਗੀ ਮਤਾ ਦਾਖ਼ਲ ਕਰਕੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਦੇ ਗੱਠਜੋੜ ਵੱੱਲੋਂ ਪੇਸ਼ ਮਤਾ ਜੇ ਅੱਗੇ ਸਦਨ ਵਿਚ ਰੱਖਿਆ ਜਾਂਦਾ ਹੈ ਤਾਂ ਪਾਰਟੀਆਂ ਨੂੰ ਇਸ ਨੂੰ ਪਾਸ ਕਰਵਾਉਣ ਲਈ ਸਧਾਰਨ ਬਹੁਮਤ ਦੀ ਲੋੜ ਪਏਗੀ। ਹਾਲਾਂਕਿ 243 ਮੈਂਬਰੀ ਸਦਨ ਵਿਚ ਉਨ੍ਹਾਂ ਕੋਲ ਲੋੜੀਂਦੀ ਗਿਣਤੀ ਨਹੀਂ ਹੈ। ਉਂਝ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਜ਼ੋਰ ਦਿੱਤਾ ਕਿ ‘ਇਹ ਸੰਸਦੀ ਜਮਹੂਰੀਅਤ ਦੀ ਲੜਾਈ ਲਈ ਮਜ਼ਬੂਤ ਸੁਨੇਹਾ’ ਹੈ। ਵਿਰੋਧੀ ਧਿਰਾਂ ਵੱਲੋਂ ਕਾਂਗਰਸ ਆਗੂ ਜੈਰਾਮ ਰਮੇਸ਼ ਤੇ ਨਾਸਿਰ ਹੁਸੈਨ ਨੇ ਕਾਂਗਰਸ, ਆਰਜੇਡੀ, ਟੀਐੱਮਸੀ, ਸੀਪੀਆਈ, ਸੀਪੀਐੱਮ, ਜੇਐੱਮਐੱਮ, ‘ਆਪ’, ਡੀਐੱਮਕੇ, ਸਮਾਜਵਾਦੀ ਪਾਰਟੀ ਸਣੇ ਹੋਰਨਾਂ ਵਿਰੋਧੀ ਪਾਰਟੀਆਂ ਦੇ 60 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲਾ ਨੋਟਿਸ ਰਾਜ ਸਭਾ ਦੇ ਜਨਰਲ ਸਕੱਤਰ ਪੀਸੀ ਮੋਦੀ ਨੂੰ ਸੌਂਪਿਆ। ਉਂਝ ਇਹ ਪਹਿਲੀ ਵਾਰ ਹੈ ਜਦੋਂ ਉਪ ਰਾਸ਼ਟਰਪਤੀ ਨੂੰ ਹਟਾਉਣ ਲਈ ਰਾਜ ਸਭਾ ਵਿਚ ਮਤਾ ਲਿਆਉਣ ਲਈ ਨੋਟਿਸ ਦਿੱਤਾ ਗਿਆ ਹੈ। ਨੇਮਾਂ ਮੁਤਾਬਕ 14 ਦਿਨਾਂ ਦਾ ਨੋਟਿਸ ਦੇਣਾ ਹੁੰਦਾ ਹੈ ਤੇ ਇਸ ਨੂੰ ਸਦਨ ਵਿਚ ਰੱਖਣ ਤੋਂ ਪਹਿਲਾਂ ਡਿਪਟੀ ਚੇਅਰਮੈਨ ਦੀ ਪ੍ਰਵਾਨਗੀ ਲੋੜੀਂਦੀ ਹੁੰਦੀ ਹੈ।

ਲੋਕ ਸਭਾ ਵਿੱਚ ਬੋਲਦੇ ਹੋਏ ਕੇਂਦਰੀ ਮੰਤਰੀ ਕਿਰਨ ਰਿਜਿਜੂ। -ਫੋਟੋ: ਪੀਟੀਆਈ

ਸੂਤਰਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਸਦਨ ਵਿਚਲੇ ਆਗੂਆਂ ਨੇ ਉਪਰੋਕਤ ਨੋਟਿਸ ’ਤੇ ਸਹੀ ਨਹੀਂ ਪਾਈ। ਇਸ ਤੋਂ ਪਹਿਲਾਂ ਅਤੀਤ ਵਿਚ ਵੀ ਲੋਕ ਸਭਾ ਦੇ ਸਪੀਕਰ ਨੂੰ ਹਟਾਉਣ ਲਈ ਮਿਲਦੇ ਜੁਲਦੇ ਨੋਟਿਸ ਦਿੱਤੇ ਗਏ ਹਨ ਪਰ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਖਿਲਾਫ਼ ਇਹ ਪਹਿਲਾ ਨੋਟਿਸ ਹੈ। ਬੀਤੇ ਵਿਚ ਲੋਕ ਸਭਾ ਦੇ ਸਪੀਕਰਾਂ- ਜੀਵੀ ਮਾਵਲੰਕਰ ਖ਼ਿਲਾਫ਼ 18 ਦਸੰਬਰ 1954, ਹੁਕਮ ਸਿੰਘ ਖਿਲਾਫ਼ 24 ਨਵੰਬਰ 1966 ਤੇ ਬਲਰਾਮ ਜਾਖੜ ਖਿਲਾਫ਼ 15 ਅਪਰੈਲ 1987 ਨੂੰ -ਤਿੰਨ ਮਤੇ ਰੱਖੇ ਗਏ ਸਨ। ਮਾਵਲੰਕਰ ਤੇ ਜਾਖੜ ਖਿਲਾਫ਼ ਮਤਿਆਂ ਨੂੰ ਜਿੱਥੇ ਰੱਦ ਕਰ ਦਿੱਤਾ ਗਿਆ, ਉਥੇ ਹੁਕਮ ਸਿੰਘ ਖਿਲਾਫ਼ ਮਤੇ ਨੂੰ ਇਸ ਲਈ ਰੱਦ ਕਰਨਾ ਪਿਆ ਕਿਉਂਕਿ ਮਤੇ ਦੇ ਹੱਕ ਵਿਚ 50 ਤੋਂ ਘੱਟ ਮੈਂਬਰ ਆਪਣੀਆਂ ਸੀਟਾਂ ’ਤੇ ਖੜ੍ਹੇ ਹੋਏ। ਧਨਖੜ ਖਿਲਾਫ਼ ਲਿਆਂਦਾ ਮੌਜੂਦਾ ਮਤਾ, ਜਿਸ ਦੀ ਕਾਂਗਰਸ ਵੱਲੋਂ ਮੂਹਰੇ ਹੋ ਕੇ ਅਗਵਾਈ ਕੀਤੀ ਜਾ ਰਹੀ ਹੈ, ਅਜਿਹੇ ਮੌਕੇ ਲਿਆਂਦਾ ਗਿਆ ਹੈ ਜਦੋਂ ਸਰਦ ਰੁੱਤ ਇਜਲਾਸ ਦੌਰਾਨ ਰਾਜ ਸਭਾ ਚੇਅਰਮੈਨ ਤੇ ਵਿਰੋਧੀ ਪਾਰਟੀਆਂ ਦਰਮਿਆਨ ਜ਼ੁਬਾਨੀ ਕਲਾਮੀ ਤਲਖੀ ਨਿੱਤ ਦੇਖਣ ਨੂੰ ਮਿਲ ਰਹੀ ਹੈ। ਵਿਰੋਧੀ ਧਿਰ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਧਨਖੜ ਤੋਂ ਨਾਰਾਜ਼ ਹੈ। ਵਿਰੋਧੀ ਧਿਰ ਦੇ ਮੈਂਬਰ ਰਾਜ ਸਭਾ ਦੇ ਚੇਅਰਮੈਨ ਕੋਲੋਂ ਇਸ ਕਰ ਕੇ ਨਾਖੁਸ਼ ਹਨ ਕਿ ਉਨ੍ਹਾਂ ਭਾਜਪਾ ਮੈਂਬਰਾਂ ਨੂੰ ਕਾਂਗਰਸ ਆਗੂਆਂ ਤੇ ਅਰਬਪਤੀ ਨਿਵੇਸ਼ਕ ਜੌਰਜ ਸੋਰੋਸ ਸਬੰਧ ਮਾਮਲੇ ਵਿਚ ਦੋਸ਼ ਲਾਉਣ ਦੀ ਖੁੱਲ੍ਹ ਦਿੱਤੀ, ਜਦੋਂਕਿ ਵਿਰੋਧੀ ਧਿਰਾਂ ਦੀ ਅਡਾਨੀ ਮਸਲੇ ਤੇ ਮਨੀਪੁਰ ਹਿੰਸਾ ਮਾਮਲੇ ’ਤੇ ਚਰਚਾ ਦੀ ਮੰਗ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਚੇਅਰਮੈਨ ਖਿਲਾਫ਼ ਅਜਿਹਾ ਨੋਟਿਸ ਦੇਣ ਦਾ ਦੁੱਖ ਹੈ, ਪਰ ਉਨ੍ਹਾਂ (ਧਨਖੜ) ਵੱਲੋਂ ‘ਸਾਰੀਆਂ ਹੱਦਾਂ ਟੱਪਣ’ ਕਰਕੇ ਉਹ ਅਜਿਹਾ ਕਰਨ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ, ‘‘ਇੰਡੀਆ ਗੱਠਜੋੜ ਨਾਲ ਸਬੰਧਤ ਸਾਰੀਆਂ ਪਾਰਟੀਆਂ ਕੋਲ ਹੋਰ ਕੋਈ ਰਾਹ ਨਹੀਂ ਸੀ, ਜਿਸ ਕਰਕੇ ਉਨ੍ਹਾਂ ਰਾਜ ਸਭਾ ਦੇ ਮਾਣਯੋਗ ਚੇਅਰਮੈਨ ਖਿਲਾਫ਼ ਬੇਭਰੋੋਸਗੀ ਮਤਾ ਦਾਖ਼ਲ ਕੀਤਾ ਹੈ ਕਿਉਂਕਿ ਉਹ ਸਦਨ ਦੀ ਕਾਰਵਾਈ ਨੂੰ ਬੇਹੱਦ ਪੱਖਪਾਤੀ ਤਰੀਕੇ ਨਾਲ ਚਲਾ ਰਹੇ ਸਨ।’’ ਵਿਰੋਧੀ ਧਿਰਾਂ ਨੇ ਕਿਹਾ ਕਿ ਰਾਜ ਸਭਾ ਦੇ ਚੇਅਰਪਰਸਨ ਦੀ ਭੂਮਿਕਾ ਬਹੁਤ ਅਹਿਮ ਹੈ। ਧਨਖੜ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣਾ ਕੰਮ ਨਿਰਪੱਖ ਤਰੀਕੇ ਨਾਲ ਕਰਨ, ਪਰ ਇਸ ਦੀ ਥਾਂ ਉਨ੍ਹਾਂ ‘ਮੌਜੂਦਾ ਸਰਕਾਰ ਦਾ ਮਹਿਜ਼ ਤਰਜਮਾਨ ਬਣ ਕੇ ਆਪਣੇ ਮੌਜੂਦਾ ਅਹੁਦੇ ਦੀ ਸਾਖ਼ ਘਟਾਈ ਹੈ।’’ ਵਿਰੋਧੀ ਪਾਰਟੀਆਂ ਨੇ ਕਿਹਾ ਕਿ 9 ਦਸੰਬਰ ਨੂੰ ਧਨਖੜ ਦਾ ਸਦਨ ਵਿਚ ਵਤੀਰਾ ਇਕਪਾਸੜ ਤੇ ਪੂਰੀ ਤਰ੍ਹਾਂ ਪੱਖਪਾਤੀ ਸੀ ਤੇ ਉਹ ਸੱਤਾ ਧਿਰ ਦੇ ਮੈਂਬਰਾਂ ਨੂੰ ਪ੍ਰਬਲ ਟਿੱਪਣੀਆਂ ਲਈ ‘ਹੱਲਾਸ਼ੇਰੀ ਤੇ ਉਕਸਾ’ ਰਹੇ ਸਨ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਤੇ ਰਾਜ ਸਭਾ ਵਿਚ ਪਾਰਟੀ ਦੀ ਡਿਪਟੀ ਆਗੂ ਸਾਗਰਿਕਾ ਘੋਸ਼ ਨੇ ਕਿਹਾ ਕਿ ਬੇਸ਼ੱਕ ਮਤੇ ਨੂੰ ਲੈ ਕੇ ਉਨ੍ਹਾਂ ਕੋਲ ਲੋੜੀਂਦੇ ਨੰਬਰ ਨਹੀਂ ਹਨ, ਪਰ ਇਹ ‘ਸੰਸਦੀ ਜਮਹੂਰੀਅਤ ਦੀ ਲੜਾਈ ਲੜਨ ਲਈ ਮਜ਼ਬੂਤ ਸੁਨੇਹਾ ਹੈ। ਇੰਡੀਆ ਗੱਠਜੋੜ ਵਿਚਲੀਆਂ ਪਾਰਟੀਆਂ ਨੇ ਇਸ ਸਾਲ ਅਗਸਤ ਵਿਚ ਵੀ ਉਪ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਦਫ਼ਤਰ ’ਚੋਂ ਹਟਾਉਣ ਲਈ ਮਤਾ ਲਿਆਉਣ ਸਬੰਧੀ ਨੋਟਿਸ ਦੇਣ ਬਾਰੇ ਵਿਚਾਰ ਕੀਤਾ ਸੀ। -ਪੀਟੀਆਈ

‘ਧਨਖੜ ਖਿਲਾਫ਼ ਮਹਾਦੋਸ਼ ਦੀ ਕਾਰਵਾਈ ਲਈ ਵਾਜਬ ਅਧਾਰ ਨਹੀਂ’

ਨਵੀਂ ਦਿੱਲੀ:

ਭਾਜਪਾ ਦੇ ਰਾਜ ਸਭਾ ਮੈਂਬਰ ਦਿਨੇਸ਼ ਸ਼ਰਮਾ ਨੇ ਕਿਹਾ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਖਿਲਾਫ਼ ਮਹਾਦੋਸ਼ ਤਹਿਤ ਕਾਰਵਾਈ ਲਈ ਕੋਈ ਵਾਜਬ ਅਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਮਹਿਜ਼ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਾਉਣ ਦੇ ਇਰਾਦੇ ਨਾਲ ਧਨਖੜ ਖਿਲਾਫ਼ ਮਤਾ ਲਿਆਉਣ ਲਈ ਨੋਟਿਸ ਦਿੱਤਾ ਹੈ। ਸ਼ਰਮਾ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸੰਵਿਧਾਨਕ ਅਮਲ ਦੀ ਸਮਝ ਨਹੀਂ ਹੈ। ਉਪ ਰਾਸ਼ਟਰਪਤੀ ਜਾਂ (ਰਾਜ ਸਭਾ ਦੇ) ਚੇਅਰਮੈਨ ਖਿਲਾਫ਼ ਬੇਭਰੋਸਗੀ ਮਤਾ ਨਹੀਂ ਲਿਆਂਦਾ ਜਾ ਸਕਦਾ।’’ ਉਨ੍ਹਾਂ ਕਿਹਾ, ‘‘ਮਹਾਦੋਸ਼ ਪ੍ਰਸਤਾਵ ਨਿਯਮ 67 (ਬੀ) ਦੇ ਤਹਿਤ ਖ਼ਬਰੇ ਉਦੋਂ ਹੀ ਲਿਆਂਦਾ ਜਾ ਸਕਦਾ ਹੈ ਜਦੋਂ ਰਾਜ ਸਭਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਵਾਲਾ ਵਿਅਕਤੀ ‘‘ਕਿਸੇ ਕਿਸਮ ਦੀ ਅਨੁਸ਼ਾਸਨਹੀਣਤਾ ਜਾਂ ਪੱਖਪਾਤੀ ਜਾਂ ਸੰਵਿਧਾਨ ਦੇ ਦਾਇਰੇ ’ਚੋਂ ਬਾਹਰ ਜਾਣ ਵਾਲਾ ਕੰਮ ਕਰਦਾ ਹੈ।’’ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਧਿਰਾਂ ਦੀ ਇਸ ਕਾਰਵਾਈ ਨੂੰ ‘ਬੇਹੱਦ ਅਫ਼ਸੋਸਨਾਕ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਧਨਖੜ ਉੱਤੇ ਬਹੁਣ ਮਾਣ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਧਨਖੜ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ, ਬੇਹੱਦ ਪੇਸ਼ੇਵਰ ਤੇ ਨਿਰਪੱਖ ਹਨ। -ਪੀਟੀਆਈ

Advertisement
×