ਮੁਲਕ ਦੇ ਅੱਠ ਹਜ਼ਾਰ ਸਕੂਲਾਂ ’ਚ ਇੱਕ ਵੀ ਨਵਾਂ ਦਾਖ਼ਲਾ ਨਹੀਂ
ਸਿਫ਼ਰ ਦਾਖ਼ਲੇ ਵਾਲੇ ਸਕੂਲਾਂ ’ਚ ਪੱਛਮੀ ਬੰਗਾਲ ਪਹਿਲੇ ਤੇ ਤਿਲੰਗਾਨਾ ਦੂਜੇ ਸਥਾਨ ’ਤੇ; ਸਿੱਖਿਆ ਮੰਤਰਾਲੇ ਵੱਲੋਂ 2024-25 ਦੇ ਅੰਕਡ਼ੇ ਜਾਰੀ
ਸਿੱਖਿਆ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੁਲਕ ਦੇ ਲਗਪਗ 8,000 ਸਕੂਲਾਂ ਵਿੱਚ ਸੈਸ਼ਨ 2024-25 ਦੌਰਾਨ ਇੱਕ ਵੀ ਨਵਾਂ ਦਾਖ਼ਲਾ ਨਹੀਂ ਹੋਇਆ। ਇਨ੍ਹਾਂ ਵਿੱਚੋਂ ਜ਼ਿਆਦਾਤਰ (ਸਿਫ਼ਰ ਦਾਖ਼ਲੇ ਵਾਲੇ) ਸਕੂਲ ਪੱਛਮੀ ਬੰਗਾਲ ’ਚ ਹਨ, ਜਿਸ ਮਗਰੋਂ ਤਿਲੰਗਾਨਾ ਦਾ ਨੰਬਰ ਆਉਂਦਾ ਹੈ। ਇਨ੍ਹਾਂ ਸਿਫ਼ਰ ਦਾਖ਼ਲਿਆਂ ਵਾਲੇ ਸਕੂਲਾਂ ਵਿੱਚ ਕੁੱਲ 20,817 ਅਧਿਆਪਕ ਪੜ੍ਹਾ ਰਹੇ ਹਨ। ਪੱਛਮੀ ਬੰਗਾਲ ’ਚ ਹੀ ਇਨ੍ਹਾਂ ’ਚੋਂ ਕੁੱਲ 17,965 ਅਧਿਆਪਕ ਆਉਂਦੇ ਹਨ, ਜਿੱਥੇ ਸਿਫ਼ਰ ਦਾਖ਼ਲਿਆਂ ਵਾਲੇ ਸਕੂਲਾਂ ਦੀ ਗਿਣਤੀ ਸਭ ਤੋਂ ਵੱਧ ਭਾਵ 3,812 ਹੈ। ਸਿੱਖਿਆ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ 7,993 ਸਕੂਲਾਂ ਵਿੱਚ ਇੱਕ ਵੀ ਦਾਖ਼ਲਾ ਨਹੀਂ ਹੋਇਆ। ਦੂਜੇ ਪਾਸੇ, ਹਰਿਆਣਾ, ਮਹਾਰਾਸ਼ਟਰ, ਗੋਆ, ਅਸਾਮ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਨਾਗਾਲੈਂਡ, ਸਿੱਕਮ ਤੇ ਤ੍ਰਿਪੁਰਾ ਵਿੱਚ ਅਜਿਹਾ ਇੱਕ ਵੀ ਸਕੂਲ ਨਹੀਂ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ,‘ਸਕੂਲ ਸਿੱਖਿਆ ਸੂਬਾਈ ਵਿਸ਼ਾ ਹੈ। ਸਿਫ਼ਰ ਦਾਖ਼ਲਿਆਂ ਵਾਲੇ ਸਕੂਲਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਮਸਲੇ ਦਾ ਹੱਲ ਕੱਢਣ। ਕੁਝ ਸੂਬਿਆਂ ਨੇ ਸਰੋਤਾਂ (ਬੁਨਿਆਦੀ ਢਾਂਚਾ ਤੇ ਸਟਾਫ਼) ਦੀ ਚੰਗੀ ਵਰਤੋਂ ਯਕੀਨੀ ਬਣਾਉਣ ਲਈ ਸਕੂਲਾਂ ਨੂੰ ਮਰਜ਼ ਕਰ ਦਿੱਤਾ ਹੈ। ਅੰਕੜਿਆਂ ਮੁਤਾਬਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਵੇਂ ਪੁੱਡੂਚੇਰੀ, ਲਕਸ਼ਦੀਪ, ਦਾਦਰਾ ਤੇ ਨਗਰ ਹਵੇਲੀ, ਅੰਡੇਮਾਨ ਤੇ ਨਿਕੋਬਾਰ, ਦਮਨ ਤੇ ਦੀਊ ਤੇ ਚੰਡੀਗੜ੍ਹ ਵਿੱਚ ਸਿਫ਼ਰ ਦਾਖ਼ਲੇ ਵਾਲਾ ਇੱਕ ਵੀ ਸਕੂਲ ਨਹੀਂ ਹੈ। ਦਿੱਲੀ ਵਿੱਚ ਵੀ ਕੋਈ ਸਕੂਲ ਅਜਿਹਾ ਨਹੀਂ ਜਿੱਥੇ ਇੱਕ ਵੀ ਦਾਖ਼ਲਾ ਨਾ ਹੋਇਆ ਹੋਵੇ। ਸਿਫ਼ਰ ਦਾਖ਼ਲਿਆਂ ਵਾਲੇ ਸਕੂਲਾਂ ’ਚ ਦੂਜਾ ਸਥਾਨ ਤਿਲੰਗਾਨਾ (2245) ਦਾ ਹੈ ਜਿਸ ਮਗਰੋਂ ਮੱਧ ਪ੍ਰਦੇਸ਼ (463) ਆਉਂਦਾ ਹੈ।
ਮੁਲਕ ਭਰ ਵਿੱਚ ਇੱਕ ਲੱਖ ਤੋਂ ਵੱਧ ਇਕਹਿਰੇ ਅਧਿਆਪਕਾਂ ਵਾਲੇ ਸਕੂਲਾਂ ਵਿੱਚ 33 ਲੱਖ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਇਕਹਿਰੇ ਅਧਿਆਪਕਾਂ ਵਾਲੇ ਸਭ ਤੋਂ ਵੱਧ ਸਕੂਲ ਆਂਧਰਾ ਪ੍ਰਦੇਸ਼ ਵਿੱਚ ਹਨ, ਜਿਨ੍ਹਾਂ ਮਗਰੋਂ ਕ੍ਰਮਵਾਰ ਯੂਪੀ, ਝਾਰਖੰਡ, ਮਹਾਰਾਸ਼ਟਰ ਤੇ ਲਕਸ਼ਦੀਪ ਦਾ ਸਥਾਨ ਆਉਂਦਾ ਹੈ। ਸੈਸ਼ਨ 2022-23 ਵਿੱਚ ਇਕਹਿਰੇ ਅਧਿਆਪਕਾਂ ਵਾਲੇ ਸਕੂਲਾਂ ਦੀ ਗਿਣਤੀ 1,18,190 ਸੀ ਜੋ ਸੈਸ਼ਨ 2023-24 ਵਿੱਚ ਘਟ ਕੇ 1,10,971 ਰਹਿ ਗਈ ਹੈ।

