No liquor for Delhiites: ਵਿਧਾਨ ਸਭਾ ਚੋਣਾਂ ਕਾਰਨ ਦਿੱਲੀ ਵਿੱਚ 3 ਤੋਂ 5 ਫਰਵਰੀ ਤੱਕ ਨਹੀਂ ਮਿਲੇਗੀ ਸ਼ਰਾਬ
ਨਵੀਂ ਦਿੱਲੀ, 21 ਜਨਵਰੀ
ਦਿੱਲੀ ਸਰਕਾਰ ਨੇ 3 ਤੋਂ 5 ਫਰਵਰੀ ਤੱਕ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਅਤੇ ਸ਼ਰਾਬ ਪਰੋਸਣ ਵਾਲੀਆਂ ਹੋਰ ਥਾਵਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ 8 ਫਰਵਰੀ ਨੂੰ ਵੋਟਾਂ ਦੇ ਨਤੀਜਿਆਂ ਦੇ ਐਲਾਨ ਵਾਲੇ ਦਿਨ ਵੀ ਸ਼ਰਾਬ ਨਹੀਂ ਮਿਲੇਗੀ। ਦਿੱਲੀ ਦੇ ਆਬਕਾਰੀ ਕਮਿਸ਼ਨਰ ਵਲੋਂ ਹਾਲ ਹੀ ਵਿੱਚ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਵਿੱਚ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ ਵਾਲੇ ਦਿਨ ਅਤੇ ਗਿਣਤੀ ਵਾਲੇ ਦਿਨ ਵੱਖ-ਵੱਖ ਆਬਕਾਰੀ ਲਾਇਸੈਂਸਾਂ ਲਈ ਆਬਕਾਰੀ ਨਿਯਮ-2010 ਦੇ ਤਹਿਤ ਡਰਾਈ ਡੇਅ ਐਲਾਨੇ ਗਏ ਹਨ। ਇਹ ਹੁਕਮ ਦਿੱਤਾ ਗਿਆ ਹੈ ਕਿ 3 ਫਰਵਰੀ ਦੀ ਸ਼ਾਮ 6 ਵਜੇ ਤੋਂ 5 ਫਰਵਰੀ ਦੀ ਸ਼ਾਮ 6 ਵਜੇ ਤੱਕ (ਚੋਣ ਦੀ ਸਮਾਪਤੀ ਲਈ ਨਿਰਧਾਰਤ ਕੀਤੇ ਗਏ 48 ਘੰਟਿਆਂ ਦੌਰਾਨ) ਡਰਾਈ ਡੇਅ ਰਹੇਗਾ ਤੇ ਮੁੜ 8 ਫਰਵਰੀ ਨੂੰ ਗਿਣਤੀ ਵਾਲੇ ਦਿਨ ਵੀ ਸ਼ਰਾਬ ਨਹੀਂ ਪਰੋਸੀ ਜਾਵੇਗੀ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਡਰਾਈ ਡੇਅ ਦੌਰਾਨ ਸ਼ਰਾਬ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਵੇਚਣ ਜਾਂ ਪਰੋਸਣ ਵਾਲੇ ਅਦਾਰਿਆਂ ਨੂੰ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਵੇਚਣ ਜਾਂ ਪਰੋਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”
ਇਸ ਵਿਚ ਕਿਹਾ ਗਿਆ ਹੈ ਕਿ ਗੈਰ ਮਲਕੀਅਤ ਵਾਲੇ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਾਂ ਸਮੇਤ ਹੋਰਾਂ ਅਤੇ ਕਿਸੇ ਵੀ ਵਿਅਕਤੀ ਵਲੋਂ ਚਲਾਏ ਜਾਂਦੇ ਹੋਟਲ ਭਾਵੇਂ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਣ, ਨੂੰ ਵੀ ਸ਼ਰਾਬ ਪਰੋਸਣ ਦੀ ਆਗਿਆ ਨਹੀਂ ਹੋਵੇਗੀ। ਪੀਟੀਆਈ