ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ’ਚ ਕਿਹਾ ਕਿ ਕਿਸੇ ਵੀ ਦੇਸ਼ ਦੇ ਨੇਤਾ ਨੇ ਭਾਰਤ ਨੂੰ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ ਪਰ ਉਨ੍ਹਾਂ ਇਸ ਗੱਲ ’ਤੇ ਅਫਸੋਸ ਜ਼ਾਹਿਰ ਕੀਤਾ ਕਿ ਦੇਸ਼ ਨੂੰ ਪੂਰੀ ਦੁਨੀਆ ਦੀ ਹਮਾਇਤ ਮਿਲੀ ਪਰ ਕਾਂਗਰਸ ਤੇ ਉਸ ਦੇ ਸਹਿਯੋਗੀ ਭਾਰਤੀ ਸੈਨਿਕਾਂ ਦੀ ਬਹਾਦਰੀ ਪਿੱਛੇ ਖੜ੍ਹੇ ਨਾ ਹੋ ਸਕੇ।ਲੋਕ ਸਭਾ ’ਚ ਪਹਿਲਗਾਮ ਹਮਲੇ ਤੇ ਅਪਰੇਸ਼ਨ ਸਿੰਧੂਰ ’ਤੇ ਦੋ ਦਿਨ ਤੋਂ ਜਾਰੀ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਦਾ ਕੋਈ ਵੀ ਦੇਸ਼ ਭਾਰਤ ਨੂੰ ਅਤਿਵਾਦ ਤੋਂ ਆਪਣੀ ਰਾਖੀ ਲਈ ਕਾਰਵਾਈ ਕਰਨ ਤੋਂ ਨਹੀਂ ਰੋਕ ਸਕਦਾ। ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਵਿਰੋਧੀ ਧਿਰ ਵੱਲੋਂ ਵਾਰ-ਵਾਰ ਪੁੱਛੇ ਜਾ ਰਹੇ ਸਵਾਲਾਂ ਵਿਚਾਲੇ ਆਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਐਲਾਨ ਕਿਉਂ ਕੀਤਾ। ਮੋਦੀ ਨੇ ਸਦਨ ਨੂੰ ਦੱਸਿਆ, ‘9 ਮਈ ਦੀ ਰਾਤ ਅਮਰੀਕੀ ਉਪ ਰਾਸ਼ਟਰਪਤੀ (ਜੇਡੀ ਵੈਂਸ) ਨੇ ਮੇਰੇ ਨਾਲ ਤਿੰਨ-ਚਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹਥਿਆਰਬੰਦ ਬਲਾਂ ਨਾਲ ਮੀਟਿੰਗਾਂ ’ਚ ਰੁੱਝਿਆ ਹੋਇਆ ਸੀ।’ ਉਨ੍ਹਾਂ ਕਿਹਾ, ‘ਜਦੋਂ ਮੈਂ ਉਨ੍ਹਾਂ ਨੂੰ ਵਾਪਸ ਫੋਨ ਕੀਤਾ ਤਾਂ ਅਮਰੀਕੀ ਉਪ ਰਾਸ਼ਟਰਪਤੀ ਨੇ ਮੈਨੂੰ ਪਾਕਿਸਤਾਨ ਵੱਲੋਂ ਵੱਡੇ ਹਮਲੇ ਦੀ ਚਿਤਾਵਨੀ ਦਿੱਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇ ਪਾਕਿਸਤਾਨ, ਭਾਰਤ ’ਤੇ ਹਮਲਾ ਕਰਦਾ ਹੈ ਤਾਂ ਸਾਡਾ ਹਮਲਾ ਕਿਤੇ ਜ਼ਿਆਦਾ ਵੱਡਾ ਹੋਵੇਗਾ ਕਿਉਂਕਿ ਅਸੀਂ ਗੋਲੀਆਂ ਦਾ ਜਵਾਬ ਤੋਪਾਂ ਨਾਲ ਦੇਵਾਂਗੇ।’ ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਕ ਦੇ ਆਗੂ ਨੇ ਭਾਰਤ ਨੂੰ ਆਪਣੀ ਮੁਹਿੰਮ ਰੋਕਣ ਲਈ ਨਹੀਂ ਕਿਹਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਹਮਲੇ ਦੀ ਮਾਰ ਹੇਠ ਆਏ ਪਾਕਿਸਤਾਨ ਏਅਰਬੇਸ ‘ਅਜੇ ਵੀ ਆਈਸੀਯੂ’ ਵਿੱਚ ਹਨ ਅਤੇ 22 ਅਪਰੈਲ ਅਤਿਵਾਦੀ ਹਮਲੇ ਦੇ ਸਾਜ਼ਿਸ਼ਘਾੜਿਆਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਉਨ੍ਹਾਂ ਕਿਹਾ, ‘ਭਾਰਤ ਨੂੰ ਪੂਰੀ ਦੁਨੀਆ ਤੋਂ ਹਮਾਇਤ ਮਿਲੀ ਪਰ ਇਹ ਦੁਖ ਦੀ ਗੱਲ ਹੈ ਕਿ ਕਾਂਗਰਸ ਨੇ ਸਾਡੇ ਸੈਨਿਕਾਂ ਦੀ ਬਹਾਦਰੀ ਦੀ ਹਮਾਇਤ ਨਹੀਂ ਕੀਤੀ। ਕਾਗਰਸ ਆਗੂਆਂ ਨੇ ਸਿਆਸੀ ਲਾਹਾ ਲੈਣ ਲਈ ਮੈਨੂੰ ਨਿਸ਼ਾਨਾ ਬਣਾਇਆ ਪਰ ਉਨ੍ਹਾਂ ਦੇ ਹੋਛੇ ਬਿਆਨਾਂ ਨੇ ਸਾਡੇ ਸੈਨਿਕਾਂ ਦਾ ਹੌਸਲਾ ਢਾਹਿਆ।’ ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀ ਪ੍ਰਮਾਣੂ ਧਮਕੀ ਦਾ ਪਰਦਾਫਾਸ਼ ਕੀਤਾ ਅਤੇ ਦੁਨੀਆ ਨੂੰ ਦੱਸਿਆ ਕਿ ‘ਅਸੀਂ ਪ੍ਰਮਾਣੂ ਬਲੈਕਮੇਲ ਅੱਗੇ ਝੁਕਾਂਗੇ ਨਹੀਂ।’ ਉਨ੍ਹਾਂ ਕਿਹਾ ਕਿ ਭਾਰਤ ’ਚ ਬਣੇ ਡਰੋਨਾਂ ਤੇ ਮਿਜ਼ਾਈਲਾਂ ਦੀ ਸਮਰੱਥਾ ਨੇ ਪਾਕਿਸਤਾਨੀ ਹਥਿਆਰਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਉਨ੍ਹਾਂ ਕਿਹਾ, ‘ਅਪਰੇਸ਼ਨ ਸਿੰਧੂਰ ਦੌਰਾਨ ਦੁਨੀਆ ਨੇ ਆਤਮ ਨਿਰਭਰ ਭਾਰਤ ਦੀ ਤਾਕਤ ਦੇਖੀ। 22 ਅਪਰੈਲ ਦੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਅਸੀਂ 22 ਮਿੰਟ ਅੰਦਰ ਪਾਕਿਸਤਾਨ ਅੰਦਰ ਦਾਖਲ ਹੋ ਕੇ ਅਤਿਵਾਦੀ ਟਿਕਾਣੇ ਤਬਾਹ ਕਰ ਦਿੱਤੇ।’ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸ ਦੇ ਭਾਈਵਾਲ ਬਦਕਿਸਮਤੀ ਨਾਲ ਪਾਕਿਸਤਾਨੀ ਭੰਡੀ-ਪ੍ਰਚਾਰ ਦੇ ਬੁਲਾਰੇ ਬਣ ਗਏ ਹਨ। -ਪੀਟੀਆਈ‘ਕਾਂਗਰਸ ਨੇ ਹਮੇਸ਼ਾ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ’ਪ੍ਰਧਾਨ ਮੰਤਰੀ ਮੋਦੀ ਨੇ ਸਿੰਧੂ ਜਲ ਸੰਧੀ ਤੇ ਮੁੰਬਈ ’ਚ 2008 ਵਿੱਚ ਹੋਏ ਅਤਿਵਾਦੀ ਹਮਲਿਆਂ ਦਾ ਹਵਾਲਾ ਦਿੰਦਿਆਂ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਨੇ ਹਮੇਸ਼ਾ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਮੋਦੀ ਨੇ ਅਪਰੇਸ਼ਨ ਸਿੰਧੂਰ ਦੌਰਾਨ ਮਕਬੂਜ਼ਾ ਕਸ਼ਮੀਰ (ਪੀਓਕੇ) ਨੂੰ ਵਾਪਸ ਲੈਣ ਦਾ ਮੌਕਾ ਗੁਆ ਦੇਣ ਦੇ ਦੋਸ਼ਾਂ ਬਾਰੇ ਕਿਹਾ, ‘ਅੱਜ ਜੋ ਲੋਕ ਪੁੱਛ ਰਹੇ ਹਨ ਕਿ ਪੀਓਕੇ ਵਾਪਸ ਕਿਉਂ ਨਹੀਂ ਲਿਆ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਦੇਣਾ ਪਵੇਗਾ ਕਿ ਕਿਸ ਦੀ ਸਰਕਾਰ ਨੇ ਇਸ ਖੇਤਰ ’ਤੇ ਪਾਕਿਸਤਾਨ ਨੂੰ ਕਬਜ਼ਾ ਕਰਨ ਦਾ ਮੌਕਾ ਦਿੱਤਾ ਸੀ?’