DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਵਿੱਚ ਨਾ ਲੱਗੀ ‘ਐਮਰਜੈਂਸੀ’

ਸਿੱਖ ਜਥੇਬੰਦੀਆਂ ਨੇ ਕੰਗਨਾ ਦੀ ਫ਼ਿਲਮ ਖ਼ਿਲਾਫ਼ ਕੀਤੇ ਪ੍ਰਦਰਸ਼ਨ; ਸਿਨੇਮਾਘਰਾਂ ਅੱਗੇ ਤਾਇਨਾਤ ਰਹੀ ਪੁਲੀਸ
  • fb
  • twitter
  • whatsapp
  • whatsapp
featured-img featured-img
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾ ਤੇ ਮੁਲਾਜ਼ਮ ਅੰਮ੍ਰਿਤਸਰ ਦੇ ਵੀਆਰ ਮਾਲ ਦੇ ਬਾਹਰ ਫਿਲਮ ‘ਐਮਰਜੈਂਸੀ’ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ। -ਫੋਟੋ: ਵਿਸ਼ਾਲ ਕੁਮਾਰ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 17 ਜਨਵਰੀ

Advertisement

ਪੰਜਾਬ ਦੇ ਸਿਨੇਮਾਘਰਾਂ ’ਚ ਅੱਜ ਅਦਾਕਾਰਾ-ਨਿਰਦੇਸ਼ਕ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਲੱਗ ਨਹੀਂ ਸਕੀ। ਸੁਰੱਖਿਆ ਦੇ ਮੱਦੇਨਜ਼ਰ ਸਿਨੇਮਾਘਰਾਂ ਅੱਗੇ ਪੁਲੀਸ ਤਾਇਨਾਤ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਵਿਚ ‘ਐਮਰਜੈਂਸੀ’ ਫ਼ਿਲਮ ਦਾ ਵਿਰੋਧ ਕੀਤਾ ਗਿਆ, ਜਦੋਂ ਕਿ ਜ਼ੀਰਕਪੁਰ ਵਿਚ ਕਿਸਾਨ ਆਗੂਆਂ ਨੇ ਰੋਸ ਪ੍ਰਗਟਾਇਆ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਫ਼ਿਲਮ ’ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਗਈ ਸੀ। ਬੇਸ਼ੱਕ ਸਰਕਾਰ ਤਰਫ਼ੋਂ ਕਿਸੇ ਤਰ੍ਹਾਂ ਦੀ ਪਾਬੰਦੀ ਦੇ ਹੁਕਮ ਜਾਰੀ ਨਹੀਂ ਕੀਤੇ ਗਏ ਪ੍ਰੰਤੂ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਅਮਨ-ਕਾਨੂੰਨ ਦੀ ਵਿਵਸਥਾ ਦਾ ਹਵਾਲਾ ਦਿੱਤਾ ਜਿਸ ਕਾਰਨ ਬਹੁਤੇ ਸ਼ਹਿਰਾਂ ਵਿਚ ਸਿਨੇਮਾ ਮਾਲਕਾਂ ਨੇ ਫ਼ਿਲਮ ਚਲਾਉਣ ਤੋਂ ਗੁਰੇਜ਼ ਕੀਤਾ। ਅੰਮ੍ਰਿਤਸਰ ਵਿਚ ਪੀਵੀਆਰ ਨੇ ਸਿੱਖ ਧਿਰਾਂ ਦੇ ਵਿਰੋਧ ਕਰਕੇ ਫ਼ਿਲਮ ਦੇ ਸ਼ੋਅ ਕੈਂਸਲ ਕਰ ਦਿੱਤੇ ਜਦੋਂ ਕਿ ਬਠਿੰਡਾ ਵਿਚ ਇੱਕ ਸਿਨੇਮਾਘਰ ਨੇ ਦਰਸ਼ਕਾਂ ਨੂੰ ਪੈਸੇ ਮੋੜ ਦਿੱਤੇ। ਮੁਹਾਲੀ, ਪਟਿਆਲਾ ਅਤੇ ਜਲੰਧਰ ਵਿਚ ਵੀ ਫ਼ਿਲਮ ਦਾ ਕੋਈ ਸ਼ੋਅ ਨਹੀਂ ਚੱਲਿਆ। ਚੰਡੀਗੜ੍ਹ ’ਚ ਵੀ ਫ਼ਿਲਮ ਦੇਖਣ ਲਈ ਬਹੁਤੇ ਦਰਸ਼ਕ ਨਹੀਂ ਸਨ। ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੇ ਸਿੱਖ ਜਥੇਬੰਦੀਆਂ ਦੇ ਇਤਰਾਜ਼ ਕੀਤੇ ਜਾਣ ’ਤੇ ਫ਼ਿਲਮ ‘ਐਮਰਜੈਂਸੀ’ ’ਚੋਂ ਕਾਫ਼ੀ ਸੀਨ ਹਟਾ ਦਿੱਤੇ ਸਨ।

ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਚੇਤੇ ਰਹੇ ਕਿ ਜਦੋਂ ਦਿੱਲੀ ਵਿਚ ਕਿਸਾਨ ਅੰਦੋਲਨ ਚੱਲਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕੰਗਨਾ ਰਣੌਤ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਲਕਬ ਦੇ ਚੁੱਕੀ ਹੈ ਜਿਸ ਕਰਕੇ ਕਿਸਾਨ ਵੀ ਉਨ੍ਹਾਂ ਦੀ ਫ਼ਿਲਮ ਖ਼ਿਲਾਫ਼ ਮੈਦਾਨ ’ਚ ਨਿਤਰੇ ਹਨ। ਫ਼ਿਲਮ ‘ਐਮਰਜੈਂਸੀ’ ਕੁੱਲ 146 ਮਿੰਟ ਦੀ ਹੈ ਜਿਸ ’ਚ ਕਰੀਬ ਪੰਜ ਮਿੰਟ ਦਾ ਸੀਨ ਪੰਜਾਬ ’ਤੇ ਫੋਕਸ ਹੈ ਜਿਸ ’ਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਫ਼ਿਰੋਜ਼ਪੁਰ ਜੇਲ੍ਹ ’ਚੋਂ ਬਾਹਰ ਆਉਣ ਅਤੇ ਇੱਕ ਥਾਂ ਸੰਜੇ ਗਾਂਧੀ ਨਾਲ ਬੈਠਾ ਦਿਖਾਇਆ ਗਿਆ ਹੈ। ਪੰਜਾਬ ਦੇ ਕਾਲੇ ਦੌਰ ਦਾ ਵੀ ਇੱਕ ਸੀਨ ਹੈ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਫ਼ਿਲਮ ’ਤੇ ਰੋਕ ਲਗਾਏ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਫ਼ਿਲਮ ਵਿਚ ਪੰਜਾਬ ਅਤੇ ਸਿੱਖਾਂ ਦੀ ਬਦਨਾਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਕਿਸਾਨਾਂ ਅਤੇ ਸਿੱਖਾਂ ਦੀ ਆਲੋਚਕ ਹੈ ਜਿਸ ਕਰਕੇ ਫ਼ਿਲਮ ’ਤੇ ਪਾਬੰਦੀ ਲਈ ਕਦਮ ਚੁੱਕਣੇ ਚਾਹੀਦੇ ਹਨ।

ਫ਼ਿਲਮ ਕਿਸੇ ਵੀ ਹਾਲਤ ’ਚ ਨਹੀਂ ਚੱਲਣ ਦਿੱਤੀ ਜਾਵੇਗੀ: ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ (ਟਨਸ):

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਵਿਚ ਸਿੱਖ ਕਿਰਦਾਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਵੀ ਫ਼ਿਲਮ ’ਤੇ ਰੋਕ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਰੋਸ ਮਗਰੋਂ ਸਿਨੇਮਾ ਪ੍ਰਬੰਧਕਾਂ ਵੱਲੋਂ ਫ਼ਿਲਮ ਨਾ ਚਲਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਿਸੇ ਨੇ ਫ਼ਿਲਮ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਕਮੇਟੀ ਮੁੜ ਪ੍ਰਦਰਸ਼ਨ ਕਰੇਗੀ। ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਸਿੱਖ ਮਸਲਿਆਂ ਨੂੰ ਜਾਣਬੁੱਝ ਕੇ ਅਣਗੌਲਿਆ ਕਰ ਰਹੀ ਹੈ।

ਸਰਕਾਰਾਂ ਵਿਵਾਦਤ ਫ਼ਿਲਮਾਂ ’ਤੇ ਨਜ਼ਰ ਰੱਖਣ: ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੈਂਸਰ ਬੋਰਡ ਅਤੇ ਸਰਕਾਰਾਂ ਨੂੰ ਵਿਵਾਦਤ ਫ਼ਿਲਮਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ’ਚ ਭਾਈਚਾਰਕ ਸਾਂਝ ਨੂੰ ਸੱਟ ਮਾਰਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਦਿਖਾਇਆ ਜਾਂਦਾ ਹੈ, ਉਹ ਸੱਚ ਨਹੀਂ ਹੁੰਦਾ ਹੈ ਅਤੇ ਇਹ ਵੀ ਸਕ੍ਰਿਪਟਡ ਕਹਾਣੀ ਹੈ। ਉਨ੍ਹਾਂ ਕਿਹਾ ਕਿ ਜਦ ਵੀ ਅਜਿਹੀਆਂ ਫ਼ਿਲਮਾਂ ਬਣਦੀਆਂ ਹਨ ਤਾਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਫ਼ਿਲਮ ਵਿਚ ‘ਮਸਾਲਾ’ ਨਾ ਹੋਵੇ ਤਾਂ ਉਹ ਸਫ਼ਲ ਨਹੀਂ ਹੁੰਦੀ ਹੈ ਜਿਸ ਕਰਕੇ ਵਿਵਾਦ ਖੜ੍ਹੇ ਕੀਤੇ ਜਾਂਦੇ ਹਨ।

ਮੇਰਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼: ਕੰਗਨਾ

ਅਦਾਕਾਰਾ ਕੰਗਨਾ ਰਣੌਤ ਨੇ ਪੰਜਾਬ ’ਚ ਫ਼ਿਲਮ ਨਾ ਲੱਗਣ ’ਤੇ ਕਿਹਾ ਹੈ ਕਿ ਸੂਬੇ ਦੇ ਕਈ ਸ਼ਹਿਰਾਂ ਤੋਂ ਰਿਪੋਰਟਾਂ ਆ ਰਹੀਆਂ ਹਨ ਕਿ ਕੁਝ ਲੋਕ ‘ਐਮਰਜੈਂਸੀ’ ਫ਼ਿਲਮ ਨੂੰ ਲੱਗਣ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਲਾ ਅਤੇ ਕਲਾਕਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ, ‘ਮੈਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਅਤੇ ਚੰਡੀਗੜ੍ਹ ’ਚ ਪੜ੍ਹਨ ਤੇ ਉਸ ਮਗਰੋਂ ਵੀ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਹੈ ਅਤੇ ਇਸ ਦੀ ਪਾਲਣਾ ਕੀਤੀ ਹੈ।’ ਉਨ੍ਹਾਂ ਕਿਹਾ ਕਿ ਇਹ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ ਅਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।

Advertisement
×