Nitish Katara murder: ਸੁਪਰੀਮ ਕੋਰਟ ਨੇ ਵਿਕਾਸ ਯਾਦਵ ਦੀ ਅੰਤਰਿਮ ਜ਼ਮਾਨਤ ਵਧਾਈ
ਨਵੀਂ ਦਿੱਲੀ, 19 ਮਈ
ਦੇਸ਼ ਦੀ ਸਰਵਉਚ ਅਦਾਲਤ ਨੇ 2002 ਦੇ ਨਿਤੀਸ਼ ਕਟਾਰਾ ਦੇ ਕਤਲ ਕੇਸ ਵਿੱਚ 25 ਸਾਲ ਦੀ ਸਜ਼ਾ ਕੱਟ ਰਹੇ ਦੋਸ਼ੀ ਵਿਕਾਸ ਯਾਦਵ ਦੀ ਅੰਤਰਿਮ ਜ਼ਮਾਨਤ ਚਾਰ ਹਫ਼ਤਿਆਂ ਲਈ ਵਧਾ ਦਿੱਤੀ ਹੈ। ਜਸਟਿਸ ਅਭੈ ਐਸ ਓਕਾ ਅਤੇ ਉਜਲ ਭੂਈਆਂ ਦੇ ਬੈਂਚ ਨੇ ਉਸ ਨੂੰ ਆਪਣੀ ਮਾਂ ਦੇ ਅਪਰੇਸ਼ਨ ਦੇ ਦਸਤਾਵੇਜ਼ 27 ਮਈ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਅਦਾਲਤ ਨੇ ਵਿਕਾਸ ਯਾਦਵ ਨੂੰ 24 ਅਪਰੈਲ ਤਕ ਗਾਜ਼ੀਆਬਾਦ ਵਿਚਲੇ ਆਪਣੇ ਘਰ ਤੱਕ ਸੀਮਤ ਰਹਿਣ ਦਾ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਉਸ ਨੂੰ ਲੱਖ ਰੁਪਏ ਦੇ ਜ਼ਮਾਨਤ ਬਾਂਡ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ’ਤੇ ਰਾਹਤ ਦਿੱਤੀ। ਦੱਸਣਾ ਬਣਦਾ ਹੈ ਕਿ ਵਿਕਾਸ ਉੱਤਰ ਪ੍ਰਦੇਸ਼ ਦੇ ਸਿਆਸਤਦਾਨ ਡੀ ਪੀ ਯਾਦਵ ਦਾ ਪੁੱਤਰ ਹੈ। ਉਸ ਦੇ ਚਚੇਰੇ ਭਰਾ ਵਿਸ਼ਾਲ ਯਾਦਵ ਨੂੰ ਵੀ ਨਿਤੀਸ਼ ਕਟਾਰਾ ਦੇ ਅਗਵਾ ਅਤੇ ਕਤਲ ਮਾਮਲੇ ਵਿਚ ਸਜ਼ਾ ਸੁਣਾਈ ਗਈ ਸੀ। ਇਹ ਦੋਵੇਂ ਵਿਕਾਸ ਦੀ ਭੈਣ ਭਾਰਤੀ ਯਾਦਵ ਨਾਲ ਕਟਾਰਾ ਦੇ ਕਥਿਤ ਸਬੰਧਾਂ ਦੇ ਖਿਲਾਫ ਸਨ ਕਿਉਂਕਿ ਦੋਵੇਂ ਵੱਖ-ਵੱਖ ਜਾਤਾਂ ਨਾਲ ਸਬੰਧਤ ਸਨ। ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਪਿਛਲੇ ਸਾਲ ਯਾਦਵ ਦੀ ਸਜ਼ਾ ਤੋਂ ਛੋਟ ਦੀ ਅਪੀਲ ਨੂੰ ਉਸ ਦੇ ਵਿਹਾਰ ਨੂੰ ਤਸੱਲੀਬਖ਼ਸ਼ ਨਾ ਪਾਏ ਜਾਣ ਤੋਂ ਬਾਅਦ ਰੱਦ ਕਰ ਦਿੱਤਾ ਸੀ। ਪੀਟੀਆਈ