ਨਿਠਾਰੀ ਕਤਲ ਕਾਂਡ: ਸੁਪਰੀਮ ਕੋਰਟ ਵੱਲੋਂ ਬਰੀ ਸੁਰੇਂਦਰ ਕੋਲੀ ਜੇਲ੍ਹ ਤੋਂ ਬਾਹਰ ਆਇਆ
ਬਹੁਚਰਚਿਤ ਨਿਠਾਰੀ ਲੜੀਵਾਰ ਕਤਲ ਕਾਂਡ ਦੇ ਦੋਸ਼ੀ ਸੁਰੇਂਦਰ ਕੋਲੀ ਨੂੰ ਗਰੇਟਰ ਨੋਇਡਾ ਦੀ ਲੁਕਸਰ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ 2006 ਦੇ ਲੜੀਵਾਰ ਕਤਲਾਂ ਨਾਲ ਸਬੰਧਤ ਆਖਰੀ ਬਕਾਇਆ ਕੇਸ...
ਬਹੁਚਰਚਿਤ ਨਿਠਾਰੀ ਲੜੀਵਾਰ ਕਤਲ ਕਾਂਡ ਦੇ ਦੋਸ਼ੀ ਸੁਰੇਂਦਰ ਕੋਲੀ ਨੂੰ ਗਰੇਟਰ ਨੋਇਡਾ ਦੀ ਲੁਕਸਰ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ 2006 ਦੇ ਲੜੀਵਾਰ ਕਤਲਾਂ ਨਾਲ ਸਬੰਧਤ ਆਖਰੀ ਬਕਾਇਆ ਕੇਸ ਵਿੱਚ ਉਸ ਨੂੰ ਬਰੀ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਇਹ ਰਿਹਾਈ ਹੋਈ ਹੈ।
ਜੇਲ੍ਹ ਸੁਪਰਡੈਂਟ ਬ੍ਰਿਜੇਸ਼ ਕੁਮਾਰ ਨੇ ਪੁਸ਼ਟੀ ਕੀਤੀ ਕਿ ਕੋਲੀ ਬੁੱਧਵਾਰ ਸ਼ਾਮ 7.20 ਵਜੇ ਦੇ ਕਰੀਬ ਜੇਲ੍ਹ ਤੋਂ ਬਾਹਰ ਆਇਆ। ਕੁਮਾਰ ਨੇ ਦੱਸਿਆ, "ਸੁਰੇਂਦਰ ਕੋਲੀ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।"
ਬਾਹਰ ਨਿੱਕਲਣ ਸਮੇਂ ਉਸ ਦੇ ਪਰਿਵਾਰਕ ਮੈਂਬਰ ਜੇਲ੍ਹ ਗੇਟ ’ਤੇ ਮੌਜੂਦ ਨਹੀਂ ਸਨ ਅਤੇ ਉਸ ਨੇ ਬਾਹਰ ਇਕੱਠੇ ਹੋਏ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਦੀ ਰਿਹਾਈ ਤੋਂ ਬਾਅਦ ਉਸ ਨੂੰ ਕਿੱਥੇ ਲਿਜਾਇਆ ਗਿਆ, ਇਸ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ।
ਨਿਠਾਰੀ ਕੇਸ 2006 ਵਿੱਚ ਉਦੋਂ ਸਾਹਮਣੇ ਆਇਆ ਸੀ ਜਦੋਂ ਸੈਕਟਰ 31, ਨੋਇਡਾ ਵਿੱਚ ਕਾਰੋਬਾਰੀ ਮੋਨਿੰਦਰ ਸਿੰਘ ਪੰਧੇਰ ਦੇ ਬੰਗਲੇ (ਡੀ-5) ਦੇ ਨੇੜੇ ਪਿਛਲੇ ਵਿਹੜੇ ਅਤੇ ਨਾਲੀਆਂ ਵਿੱਚੋਂ ਪਿੰਜਰ, ਖੋਪੜੀਆਂ ਅਤੇ ਹੱਡੀਆਂ ਬਰਾਮਦ ਹੋਈਆਂ ਸਨ।
ਕਈ ਬੱਚਿਆਂ ਅਤੇ ਔਰਤਾਂ ਦੇ ਗਾਇਬ ਹੋਣ ਅਤੇ ਕਤਲਾਂ ਦਾ ਪਰਦਾਫਾਸ਼ ਕਰਨ ਵਾਲੇ ਇਨ੍ਹਾਂ ਭਿਆਨਕ ਤੱਥਾਂ ਨੇ ਦੇਸ਼ ਭਰ ਵਿੱਚ ਰੋਸ ਪੈਦਾ ਕਰ ਦਿੱਤਾ ਸੀ ਅਤੇ ਸਥਾਨਕ ਭਾਈਚਾਰੇ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ।
ਕੇਸ ਵਿੱਚ ਸਹਿ-ਦੋਸ਼ੀ ਪੰਧੇਰ ਵੀ ਸਾਲਾਂ ਤੱਕ ਜੇਲ੍ਹ ਵਿੱਚ ਰਿਹਾ ਸੀ ਪਰ ਕੇਸ ਵਿੱਚ ਬਰੀ ਹੋਣ ਤੋਂ ਬਾਅਦ 20 ਅਕਤੂਬਰ 2023 ਨੂੰ ਰਿਹਾਅ ਹੋ ਗਿਆ ਸੀ।
ਮੰਗਲਵਾਰ ਨੂੰ ਚੀਫ਼ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਅਤੇ ਵਿਕਰਮ ਨਾਥ ਦੀ ਬੈਂਚ ਨੇ ਇੱਕ 15 ਸਾਲ ਦੀ ਲੜਕੀ ਨਾਲ ਕਥਿਤ ਜਬਰ ਜਨਾਹ ਅਤੇ ਕਤਲ ਨਾਲ ਸਬੰਧਤ ਆਖਰੀ ਬਕਾਇਆ ਕੇਸ ਵਿੱਚ ਕੋਲੀ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ "ਅਪਰਾਧਿਕ ਕਾਨੂੰਨ ਅਟਕਲਾਂ ਜਾਂ ਅੰਦਾਜ਼ੇ ਦੇ ਅਧਾਰ 'ਤੇ ਦੋਸ਼ੀ ਠਹਿਰਾਉਣ ਦੀ ਇਜਾਜ਼ਤ ਨਹੀਂ ਦਿੰਦਾ" ਅਤੇ ਜੇਕਰ ਉਹ ਕਿਸੇ ਹੋਰ ਮਾਮਲੇ ਵਿੱਚ ਲੋੜੀਂਦਾ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ।

