ਨੀਰਵ ਮੋਦੀ ਨੇ ਬਰਤਾਨੀਆ ਵਿੱਚ ਹਵਾਲਗੀ ਮੁਕੱਦਮਾ ਮੁੜ ਖੋਲ੍ਹਣ ਲਈ ਪੁੱਛ-ਪੜਤਾਲ ਨੂੰ ਆਧਾਰ ਬਣਾਇਆ
ਅਦਾਲਤ ਵੱਲੋਂ ਪਟੀਸ਼ਨ ’ਤੇ 23 ਨਵੰਬਰ ਨੂੰ ਕੀਤੀ ਜਾਵੇਗੀ ਸੁਣਵਾਈ
ਲੰਡਨ ਦੀ ਅਦਾਲਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਉਸ ਪਟੀਸ਼ਨ ’ਤੇ 23 ਨਵੰਬਰ ਨੂੰ ਸੁਣਵਾਈ ਕਰੇਗੀ, ਜਿਸ ਵਿੱਚ ਉਸ ਦੀ ਹਵਾਲਗੀ ਦੇ ਮੁਕੱਦਮੇ ਨੂੰ ਮੁੜ ਤੋਂ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ। ਨੀਰਵ ਮੋਦੀ ਨੇ ਇਸ ਆਧਾਰ ’ਤੇ ਪਟੀਸ਼ਨ ਦਾਇਰ ਕੀਤੀ ਹੈ ਕਿ ਜੇ ਉਸ ਨੂੰ ਭਾਰਤ ਵਾਪਸ ਲਿਆਂਦਾ ਗਿਆ ਤਾਂ ਵੱਖ-ਵੱਖ ਏਜੰਸੀਆਂ ਉਸ ਕੋਲੋਂ ਪੁੱਛ-ਪੜਤਾਲ ਕਰ ਸਕਦੀਆਂ ਹਨ। ਏਜੰਸੀਆਂ ਉਸ ਦੇ ਇਸ ਦਾਅਵੇ ਦਾ ਇਹ ਭਰੋਸਾ ਦੇ ਕੇ ਖੰਡਨ ਕਰ ਸਕਦੀਆਂ ਹਨ ਕਿ ਉਸ ਕੋਲੋਂ ਪੁੱਛ-ਪੜਤਾਲ ਨਹੀਂ ਕੀਤੀ ਜਾਵੇਗੀ। ਇਸ ਘਟਨਾਕ੍ਰਮ ਬਾਰੇ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਸੁਪਰੀਮ ਕੋਰਟ ਦੇ ਪੱਧਰ ਤੱਕ ਉਪਲਬਧ ਆਪਣੀਆਂ ਸਾਰੀਆਂ ਕਾਨੂੰਨੀ ਅਪੀਲਾਂ ਦਾ ਇਸਤੇਮਾਲ ਕਰ ਚੁੱਕਾ ਹੈ ਅਤੇ ਇਸ ਵਾਰ ਉਸ ਨੇ ਆਪਣੀ ਹਵਾਲਗੀ ਦੇ ਮੁਕੱਦਮੇ ਨੂੰ ਮੁੜ ਤੋਂ ਖੋਲ੍ਹਣ ਲਈ ਵੈਸਟਮਿੰਸਟਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਸਮਝਿਆ ਜਾਂਦਾ ਹੈ ਕਿ ਉਸ ਨੇ ਇਹ ਦਲੀਲ ਦਿੱਤੀ ਹੈ ਕਿ ਜੇਕਰ ਉਸ ਨੂੰ ਭਾਰਤ ਦੇ ਹਵਾਲੇ ਕੀਤਾ ਗਿਆ ਤਾਂ ਵੱਖ-ਵੱਖ ਏਜੰਸੀਆਂ ਉਸ ਕੋਲੋਂ ਪੁੱਛ-ਪੜਤਾਲ ਕਰਨਗੀਆਂ। ਮਾਮਲੇ ਦੀ ਜਾਂਚ ਕਰ ਰਹੀਆਂ ਏਜੰਸੀਆਂ ਅਦਾਲਤ ਕੋਲ ਆਪਣਾ ਪੁਰਾਣਾ ਭਰੋਸਾ ਦੋਹਰਾ ਸਕਦੀਆਂ ਹਨ ਕਿ ਹਵਾਲਗੀ ਮਗਰੋਂ ਮੋਦੀ ’ਤੇ ਭਾਰਤੀ ਕਾਨੂੰਨਾਂ ਮੁਤਾਬਕ ਮੁਕੱਦਮਾ ਚਲਾਇਆ ਜਾਵੇਗਾ।