ਐੱਨਆਈਏ ਵੱਲੋਂ ਪੰਜ ਸੂਬਿਆਂ ਵਿੱਚ 22 ਥਾਵਾਂ ’ਤੇ ਛਾਪੇ
ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਅੱਜ ਪੰਜ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਸਾਜ਼ਿਸ਼ ਦੇ ਮਾਮਲੇ ਦੇ ਸਬੰਧ ’ਚ 22 ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਮੁਤਾਬਕ, ਇਹ ਛਾਪੇ ਬਿਹਾਰ ਵਿੱਚ ਅੱਠ, ਕਰਨਾਟਕ, ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਇੱਕ-ਇੱਕ, ਉੱਤਰ ਪ੍ਰਦੇਸ਼ ’ਚ ਦੋ ਅਤੇ ਜੰਮੂ ਕਸ਼ਮੀਰ ਵਿੱਚ ਨੌਂ ਥਾਵਾਂ ’ਤੇ ਮਾਰੇ ਗਏ।
ਐੱਨ ਆਈ ਏ ਦੀਆਂ ਵੱਖ-ਵੱਖ ਟੀਮਾਂ ਨੇ ਵਿਸ਼ੇਸ਼ ਸੂਚਨਾਵਾਂ ਦੇ ਆਧਾਰ ’ਤੇ ਇਨ੍ਹਾਂ ਥਾਵਾਂ ’ਤੇ ਇੱਕੋ ਸਮੇਂ ਛਾਪੇ ਮਾਰੇ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇ ਸੂਬਿਆਂ ਦੀ ਪੁਲੀਸ ਨਾਲ ਤਾਲਮੇਲ ਕਰ ਕੇ ਉਨ੍ਹਾਂ ਲੋਕਾਂ ਦੇ ਘਰਾਂ ਅਤੇ ਟਿਕਾਣਿਆਂ ’ਤੇ ਮਾਰੇ ਗਏ, ਜਿਨ੍ਹਾਂ ਦੇ ਦੇਸ਼ ਵਿਰੋਧੀ ਨੈੱਟਵਰਕਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਇਹ ਮਾਮਲਾ ਇਸ ਸਾਲ ਦੇ ਸ਼ੁਰੂ ਵਿੱਚ ਕੇਸ ਨੰਬਰ ਆਰ ਸੀ -1/2025/ਐੱਨ ਆਈ ਏ/ਸੀ ਐੱਚ ਈ ਤਹਿਤ ਦਰਜ ਕੀਤਾ ਗਿਆ ਸੀ ਅਤੇ ਇਸ ਦੀ ਗੰਭੀਰਤਾ ਅਤੇ ਕੌਮੀ ਸੁਰੱਖਿਆ ’ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਨੂੰ ਦੇਖਦੇ ਹੋਏ ਇਸ ਨੂੰ ਗ੍ਰਹਿ ਮੰਤਰਾਲੇ ਵੱਲੋਂ ਰਸਮੀ ਤੌਰ ’ਤੇ ਐੱਨ ਆਈ ਏ ਨੂੰ ਸੌਂਪਿਆ ਗਿਆ ਸੀ।
ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਹ ਨੈੱਟਵਰਕ ਦੇਸ਼ ਵਿੱਚ ਅਸ਼ਾਂਤੀ ਫੈਲਾਉਣ ਅਤੇ ਕਾਨੂੰਨ ਵਿਵਸਥਾ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਹਾਲ ਦੇ ਮਹੀਨਿਆਂ ਵਿੱਚ, ਐੱਨ ਆਈ ਏ ਨੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਅਤਿਵਾਦੀ ਫੰਡਿੰਗ, ਭਰਤੀ ਮਾਡਿਊਲ ਅਤੇ ਸਲੀਪਰ ਸੈੱਲਾਂ ’ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਹਿਲਾਂ ਵੀ ਅਜਿਹੀਆਂ ਦੇਸ਼ ਪੱਧਰੀ ਕਾਰਵਾਈਆਂ ਕਾਰਨ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ’ਤੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧ ਰੱਖਣ ਅਤੇ ਆਨਲਾਈਨ ਤੇ ਆਫਲਾਈਨ ਮਾਧਿਅਮਾਂ ਰਾਹੀਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਸੀ।
ਛਾਪਿਆਂ ਦਾ ਉਦੇਸ਼ ਸਾਜ਼ਿਸ਼ ਦਾ ਸਬੂਤ ਲੱਭਣਾ
ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਛਾਪਿਆਂ ਦਾ ਉਦੇਸ਼ ਸਰਹੱਦ ਪਾਰ ਦੇ ਹੈਂਡਲਰਾਂ ਨਾਲ ਅਤਿਵਾਦੀ ਫੰਡਿੰਗ, ਭਰਤੀ ਅਤੇ ਤਾਲਮੇਲ ਨਾਲ ਜੁੜੀ ਇੱਕ ਵੱਡੀ ਸਾਜ਼ਿਸ਼ ਦਾ ਸਬੂਤ ਲੱਭਣਾ ਹੈ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਕੇਂਦਰ ਸਰਕਾਰ ਨੇ ਵਾਰ-ਵਾਰ ਅਤਿਵਾਦ ਪ੍ਰਤੀ ਆਪਣੀ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ’ਤੇ ਜ਼ੋਰ ਦਿੱਤਾ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਅਜਿਹੇ ਖਤਰਿਆਂ ਖ਼ਿਲਾਫ਼ ਰੋਕਥਾਮ ਦੀਆਂ ਕਾਰਵਾਈਆਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ।