NHRC takes cognisance of Murshidabad violence: ਮਨੱਖੀ ਅਧਿਕਾਰ ਕਮਿਸ਼ਨ ਵੱਲੋਂ ਮੁਰਸ਼ਿਦਾਬਾਦ ਹਿੰਸਾ ਦਾ ਨੋਟਿਸ
ਟੀਮ ਨੂੰ ਮੌਕੇ ’ਤੇ ਜਾ ਕੇ ਜਾਂਚ ਕਰਨ ਲਈ ਕਿਹਾ; ਤਿੰਨ ਹਫਤਿਆਂ ਵਿੱਚ ਮੰਗੀ ਰਿਪੋਰਟ
ਨਵੀਂ ਦਿੱਲੀ, 15 ਅਪਰੈਲ
ਵਕਫ (ਸੋਧ) ਕਾਨੂੰਨ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਹੋਈ ਹਿੰਸਾ ਦਾ ਨੋਟਿਸ ਲੈਂਦਿਆਂ ਐਨਐਚਆਰਸੀ ਨੇ ਅੱਜ ਕਿਹਾ ਕਿ ਉਸ ਨੇ ਆਪਣੀ ਟੀਮ ਨੂੰ ਮੌਕੇ ’ਤੇ ਜਾਂਚ ਕਰਨ ਲਈ ਨਿਰਦੇਸ਼ ਦੇ ਦਿੱਤੇ ਹਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਕੀਤੀ ਗਈ ਹੈ। ਇਸ ਤੋਂ ਬਾਅਦ ਕਮਿਸ਼ਨ ਦੇ ਡਾਇਰੈਕਟਰ ਜਨਰਲ ਜਾਂਚ ਨੂੰ ਕਿਹਾ ਗਿਆ ਹੈ ਕਿ ਜਾਂਚ ਰਿਪੋਰਟ ਤਿੰਨ ਹਫ਼ਤਿਆਂ ਅੰਦਰ ਪੇਸ਼ ਕੀਤੀ ਜਾਵੇ। ਇਸ ਸਬੰਧੀ ਇਕ ਸ਼ਿਕਾਇਤ ਕਮਿਸ਼ਨ ਨੂੰ ਕੀਤੀ ਗਈ ਸੀ ਜੋ ਵੱਖ-ਵੱਖ ਸੋਸ਼ਲ ਮੀਡੀਆ ਨਿਊਜ਼ ਲੇਖਾਂ ਨਾਲ ਸਬੰਧਤ ਹੈ ਜਿਸ ਵਿਚ ਹਿੰਸਾ ਦੌਰਾਨ ਹੋਈਆਂ ਮੌਤਾਂ ਦਾ ਵੇਰਵਾ ਦਿੱਤਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾਇਰੈਕਟਰ ਜਨਰਲ (ਜਾਂਚ) ਨੂੰ ਮੁਰਸ਼ਿਦਾਬਾਦ ਵਿਚ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਤੀ, ਧੂਲੀਆ, ਸਮਸੇਰਗੰਜ ਅਤੇ ਜੰਗੀਪੁਰ ਖੇਤਰਾਂ ਵਿੱਚ ਭੜਕੀ ਹਿੰਸਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਕਫ਼ (ਸੋਧ) ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹੇ ਵਿੱਚ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 221 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਟੀਆਈ

