NewsClick case: ਦਿੱਲੀ ਹਾਈ ਕੋਰਟ ਵੱਲੋਂ ਪ੍ਰਬੀਰ ਪੁਰਕਾਇਸਥ ਤੇ ਪ੍ਰਾਂਜਲ ਪਾਂਡੇ ਨੂੰ ਪੇਸ਼ਗੀ ਜ਼ਮਾਨਤ
ਦਿੱਲੀ ਹਾਈ ਕੋਰਟ ਨੇ Newsclick ਦੇ ਬਾਨੀ ਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਇਸਥ ਨੂੰ ਦਿੱਲੀ ਪੁਲੀਸ ਵੱਲੋਂ ਦਰਜ ਵਿਦੇਸ਼ੀ ਫ਼ੰਡਿੰਗ ਸਣੇ ਦੋ ਕੇਸਾਂ ਵਿਚ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਬੈਂਚ ਨੇ ਪੁਰਕਾਇਸਥ ਨੂੰ ਈਡੀ ਵੱਲੋਂ ਦਰਜ ਮਨੀ ਲਾਂਡਰਿੰਗ ਕੇਸ ਵਿਚ ਵੀ ਰਾਹਤ ਦਿੱਤੀ ਹੈ।
ਕੋਰਟ ਨੇ ਨਿਊਜ਼ਕਲਿੱਕ ਦੇ ਬਾਨੀ ਵੱਲੋਂ 2021 ਵਿਚ ਦਰਜ ਪਟੀਸ਼ਨਾਂ ’ਤੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਪੁਰਕਾਇਸਥ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਦਰਜ ਇਕ ਹੋਰ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਗਰੋਂ ਸੁਪਰੀਮ ਕੋਰਟ ਨੇ 24 ਮਈ 2024 ਨੂੰ ਸੁਣਾਏ ਇਕ ਫੈਸਲੇ ਵਿਚ ਪੁਰਕਾਇਸਥ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਦਸਦਿਆਂ ਰਿਹਾਈ ਦੇ ਹੁਕਮ ਦਿੱਤੇ ਸਨ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੈੱਲ ਨੇ ਪੁਰਕਾਇਸਥ ਨੂੰ ਯੂਏਪੀਏ ਕੇਸ ਵਿਚ 3 ਅਕਤੂਬਰ 2023 ਨੂੰ ਗ੍ਰਿਫ਼ਤਾਰ ਕੀਤਾ ਸੀ।
ਹਾਈ ਕੋਰਟ ਨੇ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (EOW) ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਨਿਊਜ਼ਕਲਿਕ ਦੇ ਡਾਇਰੈਕਟਰ ਪ੍ਰਾਂਜਲ ਪਾਂਡੇ ਨੂੰ ਵੀ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। 2021 ਵਿੱਚ ਹਾਈ ਕੋਰਟ ਨੇ ਪੁਰਕਾਇਸਥ ਅਤੇ ਪਾਂਡੇ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ ਸੀ। ਇਸ ਮਾਮਲੇ ਵਿੱਚ ਪੁਰਕਾਇਸਥ ਦੀ ਨੁਮਾਇੰਦਗੀ ਸੀਨੀਅਰ ਵਕੀਲ ਕਪਿਲ ਸਿੱਬਲ, ਦਯਾਨ ਕ੍ਰਿਸ਼ਨਨ ਅਤੇ ਵਕੀਲ ਅਰਸ਼ਦੀਪ ਸਿੰਘ ਖੁਰਾਨਾ ਵੱਲੋਂ ਕੀਤੀ ਗਈ ਸੀ।
ਦਿੱਲੀ ਪੁਲੀਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਦੋਸ਼ ਹਨ ਕਿ ਪਟੀਸ਼ਨਕਰਤਾ ਕੰਪਨੀ ਪੀਪੀਕੇ ਨਿਊਜ਼ਕਲਿਕ ਸਟੂਡੀਓ ਪ੍ਰਾਈਵੇਟ ਲਿਮਟਿਡ ਨੇ ਵਿੱਤੀ ਸਾਲ 2018-19 ਦੌਰਾਨ ਮੈਸਰਜ਼ ਵਰਲਡਵਾਈਡ ਮੀਡੀਆ ਹੋਲਡਿੰਗਜ਼ ਐਲਐਲਸੀ ਯੂਐਸਏ ਤੋਂ 9.59 ਕਰੋੜ ਰੁਪਏ ਦਾ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) ਪ੍ਰਾਪਤ ਕੀਤਾ ਸੀ। -ਪੀਟੀਆਈ