New Delhi railway station: ਭਗਦੜ ਮਗਰੋਂ ਪਲੈਟਫਾਰਮ ਟਿਕਟਾਂ ਦੀ ਵਿਕਰੀ ’ਤੇ ਪਾਬੰਦੀ
After stampede, New Delhi railway station restricts sale of platform tickets for a week; ਇੱਕ ਹਫ਼ਤੇ ਲਈ ਸ਼ਾਮ ਚਾਰ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ ਨਹੀਂ ਮਿਲਣਗੀਆਂ ਪਲੈਟਫਾਰਮ ਟਿਕਟਾਂ
>ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਫਰਵਰੀ
ਭਾਰਤੀ ਰੇਲਵੇ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਇੱਕ ਹਫ਼ਤੇ ਲਈ ਸ਼ਾਮ ਚਾਰ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ ਪਲੈਟਫਾਰਮ ਟਿਕਟਾਂ ਦੀ ਵਿਕਰੀ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਰੇਲ ਮੰਤਰਾਲੇ ਦੇ ਤਰਜਮਾਨ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫ਼ੈਸਲਾ ਸ਼ਨਿੱਚਰਵਾਰ ਰਾਤ ਸਮੇਂ ਰੇਲਵੇ ਸਟੇਸ਼ਨ ’ਤੇ ਮਚੀ ਭਗਦੜ ਕਾਰਨ ਵਾਪਰੇ ਹਾਦਸੇ ਮਗਰੋਂ ਲਿਆ ਗਿਆ ਹੈ। ਇਸ ਹਾਦਸੇ ਦੌਰਾਨ 18 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
ਮੰਤਰਾਲੇ ਦੇ ਤਰਜਮਾਨ ਨੇ ਦੱਸਿਆ, ‘‘ਭੀੜ ਨੂੰ ਕਾਬੂ ਕਰਨ ਲਈ ਅਗਲੇ ਇੱਕ ਹਫ਼ਤੇ ਤੱਕ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਪਲੈਟਫਾਰਮ ਟਿਕਟਾਂ ਦੀ ਵਿਕਰੀ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।’’
ਮਹਾਂਕੁੰਭ ਲਈ ਰੇਲਵੇ ਵੱਲੋਂ ਚਲਾਈਆਂ ਜਾ ਰਹੀਆਂ ਵਿਸ਼ੇਸ਼ ਰੇਲਗੱਡੀਆਂ ਵਿੱਚ ਭੀੜ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਤਿਉਹਾਰ ਦੀ ਸਮਾਪਤੀ (26 ਫਰਵਰੀ) ਨੇੜੇ ਆ ਰਹੀ ਹੈ।
ਦਿੱਲੀ ਪੁਲੀਸ ਨੇ ਭੀੜ ਪ੍ਰਬੰਧਨ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰੇਲਵੇ ਸਟੇਸ਼ਨ ’ਤੇ ਛੇ ਇੰਸਪੈਕਟਰ-ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਹਨ।
ਵੱਖ-ਵੱਖ ਜ਼ਿਲ੍ਹਿਆਂ ਤੋਂ ਲਏ ਗਏ ਇਨ੍ਹਾਂ ਅਧਿਕਾਰੀਆਂ ਨੂੰ ਖਾਸ ਤੌਰ ’ਤੇ ਦੇਸ਼ ਦੇ ਸਭ ਤੋਂ ਵਿਅਸਤ ਆਵਾਜਾਈ ਕੇਂਦਰਾਂ ਵਿੱਚੋਂ ਇੱਕ, ਰੇਲਵੇ ਸਟੇਸ਼ਨ ’ਤੇ ਕਾਰਜਾਂ ਨੂੰ ਸੰਭਾਲਣ ਦੇ ਉਨ੍ਹਾਂ ਦੇ ਤਜਰਬੇ ਦੇ ਆਧਾਰ ’ਤੇ ਚੁਣਿਆ ਗਿਆ ਸੀ।
ਕੁੰਭ ਮੇਲੇ ਕਾਰਨ ਯਾਤਰੀਆਂ ਦੀ ਆਮਦ ਵਧਣ ਕਾਰਨ ਅਧਿਕਾਰੀਆਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਵਾਧਾ ਜਾਰੀ ਰਹੇਗਾ। ਪੁਲੀਸ ਅਧਿਕਾਰੀਆਂ ਦੀ ਇਹ ਤਾਇਨਾਤੀ ਭੀੜ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਦੇ ਯਤਨ ਦਾ ਹਿੱਸਾ ਹੈ।