New Chief Election Commissioner ਗਿਆਨੇਸ਼ ਕੁਮਾਰ ਭਾਰਤ ਦੇ 26ਵੇਂ ਮੁੱਖ ਚੋਣ ਕਮਿਸ਼ਨਰ ਨਿਯੁਕਤ
ਅਦਿੱਤੀ ਟੰਡਨ
ਨਵੀਂ ਦਿੱਲੀ, 17 ਫਰਵਰੀ
Gyanesh Kumar appointed India’s 26th Chief Election Commissioner ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਸੋਮਵਾਰ ਰਾਤੀਂ ਦੇਸ਼ ਦਾ 26ਵਾਂ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੁਮਾਰ ਦਾ ਕਾਰਜਕਾਲ 26 ਜਨਵਰੀ 2029 ਤੱਕ ਹੋਵੇਗਾ।
1989 ਬੈਚ ਦੇ ਹਰਿਆਣਾ ਕੇਡਰ ਦੇ ਆਈਏਐੱਸ ਅਧਿਕਾਰੀ ਵਿਵੇਕ ਜੋਸ਼ੀ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਜੋਸ਼ੀ ਇਸ ਵੇਲੇ ਹਰਿਆਣਾ ਵਿਚ ਮੁੱਖ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਹਨ।
ਗਿਆਨੇਸ਼ ਕੁਮਾਰ 26ਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਇਸ ਸਾਲ ਬਿਹਾਰ ਅਸੈਂਬਲੀ ਚੋਣਾਂ ਤੇ ਅਗਲੇ ਸਾਲ ਕੇਰਲਾ ਤੇ ਪੁੱਡੂਚੇਰੀ ਅਸੈਂਬਲੀ ਚੋਣਾਂ ਦਾ ਪ੍ਰਬੰਧ ਦੇਖਣਗੇ। ਅਗਲੇ ਸਾਲ ਤਾਮਿਲ ਨਾਡੂ ਤੇ ਪੱਛਮੀ ਬੰਗਾਲ ਅਸੈਂਬਲੀ ਚੋਣਾਂ ਵੀ ਉਨ੍ਹਾਂ ਦੀ ਨਿਗਰਾਨੀ ਹੇਠ ਹੀ ਹੋਣਗੀਆਂ।
ਕੁਮਾਰ, ਜਿਨ੍ਹਾਂ ਜੰਮੂ-ਕਸ਼ਮੀਰ ਵਿੱਚ ਸੰਵਿਧਾਨ ਦੀ ਧਾਰਾ 370 ਰੱਦ ਕਰਨ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਆਪਣੇ ਕਾਰਜਕਾਲ ਦੌਰਾਨ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਨੇ 15 ਮਾਰਚ, 2024 ਨੂੰ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ।
ਨਵੇਂ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਦੇ ਅਮਲ ਤੋਂ ਜਾਣੂ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਣ ਵਾਲੇ ਕੁਮਾਰ ਦੇ ਨਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਸੀ ਜਿਸ ਵਿੱਚ ਸ਼ਾਹ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ਾਮਲ ਸਨ।
ਕੇਰਲਾ ਕੇਡਰ ਦੇ 1988 ਬੈਚ ਦੇ ਆਈਏਐਸ ਅਧਿਕਾਰੀ, ਕੁਮਾਰ ਸਭ ਤੋਂ ਸੀਨੀਅਰ ਚੋਣ ਕਮਿਸ਼ਨਰ ਹਨ। ਦੂਜੇ ਚੋਣ ਕਮਿਸ਼ਨਰ ਐਸ.ਐਸ. ਸੰਧੂ ਹਨ, ਜਿਨ੍ਹਾਂ ਨੂੰ ਮਾਰਚ 2024 ਵਿੱਚ ਨਿਯੁਕਤ ਕੀਤਾ ਗਿਆ ਸੀ।
ਗਿਆਨੇਸ਼ ਕੁਮਾਰ ਨੇ ਰਾਜੀਵ ਕੁਮਾਰ ਦੀ ਥਾਂ ਲਈ ਹੈ, ਜੋ 18 ਫਰਵਰੀ ਨੂੰ ਅਹੁਦਾ ਛੱਡ ਰਹੇ ਹਨ। ਚੇਤੇ ਰਹੇ ਕਿ ਕੁਮਾਰ ਚੋਣ ਕਮਿਸ਼ਨ (EC) ਦੇ ਮੈਂਬਰਾਂ ਦੀ ਨਿਯੁਕਤੀ ਬਾਰੇ ਨਵੇਂ ਕਾਨੂੰਨ ਤਹਿਤ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਸੀਈਸੀ ਹਨ।
ਨਵਾਂ ਸੀਈਸੀ ਅਤੇ ਹੋਰ ਚੋਣ ਕਮਿਸ਼ਨਰ ਬਿੱਲ, 2023, ਦਸੰਬਰ 2023 ਵਿੱਚ ਲਾਗੂ ਹੋਇਆ ਸੀ ਅਤੇ ਇਸ ਸਮੇਂ ਸੁਪਰੀਮ ਕੋਰਟ ਵਿੱਚ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਸੁਪਰੀਮ ਕੋਰਟ ਵੱਲੋਂ 19 ਫਰਵਰੀ ਨੂੰ ਇਸ ਮਾਮਲੇ ’ਤੇ ਸੁਣਵਾਈ ਕੀਤੀ ਜਾਣੀ ਹੈ।
ਰਾਹੁਲ ਗਾਂਧੀ ਨੇ ਅੱਜ ਚੋਣ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਸਿਰਫ ਇਹੀ ਮੰਗ ਕੀਤੀ ਸੀ ਕਿ ਨਿਯੁਕਤੀ ਦੇ ਅਮਲ ਨੂੰ ਦੋ ਤੋਂ ਤਿੰਨ ਹਫ਼ਤਿਆਂ ਲਈ ਮੁਲਤਵੀ ਕੀਤਾ ਜਾਵੇ ਤਾਂ ਜੋ ਸਿਖਰਲੀ ਅਦਾਲਤ ਕੇਸ ਦੀ ਸੁਣਵਾਈ ਕਰ ਸਕੇ।