ਅਸਾਮ ਵਿੱਚ 18 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਨਵਾਂ ਆਧਾਰ ਕਾਰਡ ਨਹੀਂ ਬਣੇਗਾ
No first-time Aadhaar card to be issued for people above 18 yrs in Assam ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਅਸਾਮ ਵਿਚ ਅਠਾਰਾਂ ਸਾਲ ਤੋਂ ਉਤੇ ਵਾਲਿਆਂ ਦਾ ਨਵਾਂ ਆਧਾਰ ਕਾਰਡ ਨਹੀਂ ਬਣੇਗਾ। ਇਹ ਫੈਸਲਾ ਗੈਰਕਾਨੂੰਨੀ ਪਰਵਾਸ ਰੋਕਣ ਲਈ ਕੀਤਾ ਗਿਆ ਹੈ। ਉਨ੍ਹਾਂ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਕਿਸੇ ਦਾ ਹਾਲੇ ਤੱਕ ਆਧਾਰ ਕਾਰਡ ਨਹੀਂ ਬਣਿਆ ਹੈ ਤਾਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਿਰਫ਼ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਹਾਲਾਂਕਿ, 18 ਸਾਲ ਤੋਂ ਵੱਧ ਉਮਰ ਦੇ ਕਬੀਲਿਆਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ ਦੇ ਲੋਕ ਅਗਲੇ ਇੱਕ ਸਾਲ ਤੱਕ ਆਧਾਰ ਕਾਰਡ ਬਣਾ ਸਕਣਗੇ।
ਮੁੱਖ ਮੰਤਰੀ ਨੇ ਕਿਹਾ, ‘ਆਧਾਰ ਕਾਰਡ ਜਾਰੀ ਕਰਨ ’ਤੇ ਪਾਬੰਦੀ ਲਗਾਉਣ ਨਾਲ ਲੋਕਾਂ ਦੀ ਸਹੀ ਪਛਾਣ ਯਕੀਨੀ ਬਣੇਗੀ। ਇਹ ਫੈਸਲਾ ਪਿਛਲੇ ਇੱਕ ਸਾਲ ਤੋਂ ਬੰਗਲਾਦੇਸ਼ ਤੋਂ ਗੈਰਕਾਨੂੰਨੀ ਪਰਵਾਸ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਨਵਾਂ ਆਧਾਰ ਕਾਰਡ ਡਿਪਟੀ ਕਮਿਸ਼ਨਰ ਹੀ ਵਿਸ਼ੇਸ਼ ਹਾਲਾਤ ਵਿਚ ਜਾਰੀ ਕਰਨਗੇ। ਇਸ ਨਾਲ ਗੈਰਕਾਨੂੰਨੀ ਢੰਗ ਨਾਲ ਆਧਾਰ ਕਾਰਡ ਬਣਾਉਣ ’ਤੇ ਨਕੇਲ ਕੱਸੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਲ ਦੇ ਦੇਸ਼ ਤੋਂ ਆ ਕੇ ਕੋਈ ਵੀ ਭਾਰਤੀ ਨਾਗਰਿਕਤਾ ਹਾਸਲ ਨਾ ਕਰ ਸਕੇ, ਇਸ ਲਈ ਸਖਤ ਕਦਮ ਚੁੱਕੇ ਗਏ ਹਨ। ਪੀਟੀਆਈ