ਨਾ ਪਾਣੀ ਘਟਿਆ ਅਤੇ ਨਾ ਮੁਸੀਬਤਾਂ
ਪੰਜਾਬ ’ਚ ਦੋ ਦਿਨਾਂ ਤੋਂ ਬਾਰਸ਼ ਨਹੀਂ ਪੈ ਰਹੀ ਹੈ ਪ੍ਰੰਤੂ ਹੜ੍ਹਾਂ ਦਾ ਕਹਿਰ ਜਾਰੀ ਹੈ। ਘਰ ਪਾਣੀ ’ਚ ਡੁੱਬੇ ਹੋਏ ਹਨ, ਫ਼ਸਲਾਂ ਤਬਾਹ ਹੋ ਗਈਆਂ ਹਨ ਅਤੇ ਦਰਿਆ ਨੱਕੋ-ਨੱਕ ਭਰੇ ਹੋਏ ਹਨ। ਸੂਬੇ ਦੇ ਸੱਤ ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ’ਚ ਨਾ ਤਾਂ ਪਾਣੀ ਅਤੇ ਨਾ ਹੀ ਲੋਕਾਂ ਦੀਆਂ ਮੁਸੀਬਤਾਂ ਘਟੀਆਂ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਜਿਧਰ ਦੇਖੋ ਪਾਣੀ ਹੀ ਪਾਣੀ ਹੈ। ਫ਼ੌਜ, ਐੱਨ ਡੀ ਆਰ ਐੱਫ ਅਤੇ ਪ੍ਰਸ਼ਾਸਨ ਤਰਫ਼ੋਂ ਬਚਾਅ ਕਾਰਜਾਂ ਦੀ ਰਫ਼ਤਾਰ ਵਧਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਹੜ੍ਹਾਂ ਦੌਰਾਨ ਦੋ ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਜਦੋਂ ਕਿ ਮਾਧੋਪੁਰ ਹੈੱਡ ਵਰਕਸ ’ਤੇ ਫਲੱਡ ਗੇਟ ਖੋਲ੍ਹਣ ਸਮੇਂ ਇੱਕ ਚਾਰਜਮੈਨ ਪਾਣੀ ’ਚ ਵਹਿ ਗਿਆ ਜਿਸ ਦਾ ਹਾਲੇ ਤੱਕ ਥਹੁ-ਪਤਾ ਨਹੀਂ ਲੱਗਾ ਹੈ। ਸੂਬੇ ਦੇ ਸੱਤ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੇ ਕਰੀਬ 500 ਪਿੰਡ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਹਨ, ਜਿਨ੍ਹਾਂ ’ਚੋਂ 330 ਪਿੰਡ ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਹਨ। ਇਸੇ ਤਰ੍ਹਾਂ ਤਰਨ ਤਾਰਨ ਦੇ ਕਰੀਬ 50 ਪਿੰਡ ਅਤੇ ਫ਼ਿਰੋਜ਼ਪੁਰ ਦੇ 60 ਪਿੰਡ ਵੀ ਪਾਣੀ ਤੋਂ ਪ੍ਰਭਾਵਿਤ ਹਨ।
ਇਨ੍ਹਾਂ ਜ਼ਿਲ੍ਹਿਆਂ ’ਚ ਕਰੀਬ 300 ਸਰਕਾਰੀ ਸਕੂਲ ਵੀ ਪ੍ਰਭਾਵਿਤ ਹੋਏ ਹਨ। ਖੇਤੀ ਮਹਿਕਮੇ ਅਨੁਸਾਰ ਹੜ੍ਹਾਂ ਕਾਰਨ ਹੁਣ ਤੱਕ 16 ਜ਼ਿਲ੍ਹਿਆਂ ’ਚ 2.90 ਲੱਖ ਏਕੜ ਫ਼ਸਲ ਨੁਕਸਾਨੀ ਗਈ ਹੈ। ਗੁਰਦਾਸਪੁਰ ’ਚ 42,430 ਏਕੜ, ਅੰਮ੍ਰਿਤਸਰ ’ਚ 34,037 ਏਕੜ, ਜ਼ਿਲ੍ਹਾ ਕਪੂਰਥਲਾ ’ਚ 35,484 ਏਕੜ, ਜ਼ਿਲ੍ਹਾ ਤਰਨ ਤਾਰਨ ’ਚ 23,440 ਏਕੜ ਅਤੇ ਫ਼ਾਜ਼ਿਲਕਾ ’ਚ 38,305 ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ।
ਬਿਆਸ ਦਰਿਆ ’ਚ ਅੱਜ 2.30 ਲੱਖ ਕਿਊਸਕ ਪਾਣੀ ਵਹਿ ਰਿਹਾ ਸੀ ਜਿਸ ਕਰਕੇ ਮੰਡ ਖੇਤਰ ਦੇ ਲੋਕਾਂ ’ਚ ਸਹਿਮ ਵਧ ਗਿਆ ਹੈ। ਬਿਆਸ ਨੇੜਲੇ ਨੀਵੇਂ ਖੇਤਰਾਂ ਦੇ ਲੋਕਾਂ ਨੂੰ ਪਿੰਡ ਖ਼ਾਲੀ ਕਰਨ ਵਾਸਤੇ ਆਖ ਦਿੱਤਾ ਗਿਆ ਹੈ ਅਤੇ ਕਪੂਰਥਲਾ ਜ਼ਿਲ੍ਹੇ ’ਚ ਫ਼ੌਜ ਸੱਦੀ ਗਈ ਹੈ। ਕਪੂਰਥਲਾ ਜ਼ਿਲ੍ਹੇ ’ਚ ਪਾਣੀ ’ਚ ਫਸੇ ਕਰੀਬ 50 ਪਰਿਵਾਰਾਂ ਨੂੰ ਅੱਜ ਬਾਹਰ ਕੱਢਿਆ ਗਿਆ। ਗੁਰਦਾਸਪੁਰ ਦੇ ਪਿੰਡ ਲਾਸੀਆਂ ਦੇ ਖੇਤਾਂ ’ਚੋਂ ਕਰੀਬ 27 ਵਿਅਕਤੀਆਂ ਨੂੰ ਹਵਾਈ ਫ਼ੌਜ ਨੇ ਏਅਰ ਲਿਫ਼ਟ ਕੀਤਾ ਜਦੋਂ ਕਿ ਕਲਾਨੌਰ ਖੇਤਰ ’ਚੋਂ ਤਿੰਨ ਦਰਜਨ ਮਜ਼ਦੂਰਾਂ ਨੂੰ ਐੱਨ ਡੀ ਆਰ ਐੱਫ ਦੀਆਂ ਟੀਮਾਂ ਨੇ ਸੁਰੱਖਿਅਤ ਕੱਢਿਆ ਹੈ। ਰਾਵੀ ਦਰਿਆ ’ਤੇ ਧੁੱਸੀ ਬੰਨ੍ਹ ’ਚ ਤਿੰਨ ਥਾਵਾਂ ’ਤੇ ਪਾੜ ਪਿਆ ਹੈ ਜਿਸ ਕਾਰਨ ਅਜਨਾਲਾ ਤੇ ਰਮਦਾਸ ਦੇ ਪਿੰਡਾਂ ਦੀ ਹਾਲਤ ਵਿਗੜ ਗਈ ਹੈ। ਕੌਮਾਂਤਰੀ ਸੀਮਾ ’ਤੇ ਪੈਂਦੇ ਪਿੰਡਾਂ ’ਚ ਪਾਣੀ ਦਾਖ਼ਲ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਕੱਢਿਆ ਜਾ ਰਿਹਾ ਹੈ। ਫ਼ਿਰੋਜ਼ਪੁਰ ਪ੍ਰਸ਼ਾਸਨ ਤਰਫ਼ੋਂ ਕਰੀਬ ਦੋ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਅਤੇ ਸਤਲੁਜ ਦਾ ਪੁਲ ਫ਼ਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਕੋਲ ਓਵਰਫਲੋਅ ਹੋ ਚੁੱਕਾ ਹੈ। ਫ਼ਾਜ਼ਿਲਕਾ ਦੇ ਦਰਜਨਾਂ ਪਿੰਡ ਪਾਣੀ ’ਚ ਘਿਰ ਗਏ ਗਏ ਹਨ। ਰਾਹਤ ਕਾਰਜਾਂ ’ਚ ਅੱਜ ਤੇਜ਼ੀ ਆ ਗਈ ਹੈ। ਕੈਬਨਿਟ ਮੰਤਰੀ ਵੀ ਅਲੱਗ-ਅਲੱਗ ਜ਼ਿਲ੍ਹਿਆਂ ’ਚ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ। ਪਸ਼ੂਆਂ ਲਈ ਹਰਾ ਚਾਰਾ ਵੀ ਪਹੁੰਚਣ ਲੱਗ ਪਿਆ ਹੈ। ਹਾਕਮ ਧਿਰ ਨੇ ਆਪਣੇ ਵਿਧਾਇਕ ਤੇ ਵਜ਼ੀਰ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਕਾਰਜਾਂ ’ਚ ਤਾਇਨਾਤ ਕਰ ਦਿੱਤੇ ਹਨ। ਵਿਰੋਧੀ ਧਿਰਾਂ ਦੇ ਆਗੂ ਵੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਨਜ਼ਰ ਆਉਣ ਲੱਗ ਪਏ ਹਨ। ਹੜ੍ਹ ਪੀੜਤ ਇਲਾਕਿਆਂ ’ਚ ਖ਼ਾਲਸਾ ਏਡ, ਬਾਬਾ ਸੁੱਖਾ ਸਿੰਘ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਟੀਮ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਅਤੇ ਡੇਰੇ ਵੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ। ਇੱਕ ਸਰਕਾਰੀ ਅਧਿਕਾਰੀ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰਾਂ ’ਚੋਂ ਹੁਣ ਤੱਕ 5,300 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਫ਼ਿਰੋਜ਼ਪੁਰ ’ਚ 13 ਹੜ੍ਹ ਰਾਹਤ ਕੈਂਪ ਲਗਾਏ ਗਏ ਹਨ। ਗੁਰਦਾਸਪੁਰ ਜ਼ਿਲ੍ਹੇ ’ਚ ਦੋ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਮੁੱਖ ਮੰਤਰੀ ਵੱਲੋਂ ਬਿਆਸ ਦਰਿਆ ਦੇ ਪਾਣੀ ਦਾ ਜਾਇਜ਼ਾ
ਰਈਆ (ਦਵਿੰਦਰ ਸਿੰਘ ਭੰਗੂ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਿਆਸ ਦਰਿਆ ਵਿਚ ਆ ਰਹੇ ਪਾਣੀ ਦਾ ਜਾਇਜ਼ਾ ਲੈਣ ਲਈ ਕਸਬਾ ਬਿਆਸ ਦਰਿਆ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਲਈ ਲੋਕਾਂ ਦੇ ਦਰਬਾਰ ਵਿਚ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਡੇਰਾ ਬਿਆਸ ਨੂੰ ਜਾਂਦੀ ਸੜਕ ਉਪਰ ਮੀਟਰ ਗੇਜ਼ ’ਤੇ ਪੁੱਜ ਕੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਉਸ ਸਮੇਂ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਰੈੱਡ ਅਲਰਟ ਤੋ ਥੋੜ੍ਹਾ ਹੀ ਹੇਠਾਂ ਚੱਲ ਰਿਹਾ ਸੀ। ਪੁਲੀਸ ਪ੍ਰਸ਼ਾਸਨ ਨੇ ਮੀਡੀਆ ਕਰਮੀਆਂ ਨੂੰ ਮੁੱਖ ਮੰਤਰੀ ਦੇ ਨੇੜੇ ਜਾਣ ਤੋ ਵਰਜਿਆ ਜਿਸ ਕਾਰਨ ਮੀਡੀਆ ਕਰਮੀ ਬਾਈਕਾਟ ਕਰਕੇ ਦੂਰ ਸੜਕ ’ਤੇ ਖੜ੍ਹੇ ਹੋ ਗਏ। ਬਾਅਦ ’ਚ ਜਦੋਂ ਮੁੱਖ ਮੰਤਰੀ ਦਾ ਕਾਫ਼ਲਾ ਮੀਡੀਆ ਕੋਲੋਂ ਲੰਘਣ ਲੱਗਾ ਤਾਂ ਭਗਵੰਤ ਸਿੰਘ ਮਾਨ ਨੇ ਆਪਣੀ ਗੱਡੀ ਰੋਕ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਡੈਮਾਂ ’ਚੋਂ ਹੋਰ ਪਾਣੀ ਛੱਡਿਆ; 30-31 ਨੂੰ ਭਾਰੀ ਮੀਂਹ ਦੀ ਸੰਭਾਵਨਾ
ਡੈਮਾਂ ’ਚੋਂ ਪਾਣੀ ਛੱਡਣਾ ਜਾਰੀ ਹੈ। ਪੌਂਗ ਡੈਮ ’ਚੋਂ ਅੱਜ 95 ਹਜ਼ਾਰ ਕਿਊਸਕ, ਰਣਜੀਤ ਸਾਗਰ ਡੈਮ ’ਚੋਂ 74 ਹਜ਼ਾਰ ਕਿਊਸਕ ਅਤੇ ਭਾਖੜਾ ਡੈਮ ’ਚੋਂ 50 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ। ਮੌਸਮ ਵਿਭਾਗ ਵੱਲੋਂ 30-31 ਅਗਸਤ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਰਾਵੀ ਦਰਿਆ ’ਚ ਵਹਿੰਦੇ ਪਾਣੀ ਦਾ ਨਵਾਂ ਰਿਕਾਰਡ
ਚੰਡੀਗੜ੍ਹ (ਚਰਨਜੀਤ ਭੁੱਲਰ): ਰਾਵੀ ਦਰਿਆ ’ਚ ਹੜ੍ਹਾਂ ਦੇ ਵਹਿ ਰਹੇ ਪਾਣੀ ਦੇ ਨਵੇਂ ਰਿਕਾਰਡ ਕਾਇਮ ਹੋਏ ਹਨ ਜਿਸ ਦੇ ਅੱਗੇ ਮਾਧੋਪੁਰ ਹੈੱਡ ਵਰਕਸ ਦੇ ਫਲੱਡ ਗੇਟ ਵੀ ਟਿਕ ਨਹੀਂ ਸਕੇ। ਰਾਵੀ ਦਰਿਆ ਦੇ ਪਾਣੀ ਦੇ ਵਹਾਅ ਨੂੰ ਦੇਖਦਿਆਂ ਮਾਧੋਪੁਰ ਹੈੱਡ ਵਰਕਸ ਦੇ 23 ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ ਜਦਕਿ 31 ਫਲੱਡ ਗੇਟ ਹਾਲੇ ਬੰਦ ਹਨ।
ਵੇਰਵਿਆਂ ਅਨੁਸਾਰ 26 ਅਗਸਤ ਦੀ ਰਾਤ ਨੂੰ ਰਾਵੀ ਦਰਿਆ ’ਚ 14.11 ਲੱਖ ਕਿਊਸਿਕ ਪਾਣੀ ਦਾ ਵਹਾਅ ਸੀ ਜਦਕਿ ਸਾਲ 1988 ’ਚ ਸਭ ਤੋਂ ਵੱਧ 11.20 ਲੱਖ ਕਿਊਸਿਕ ਪਾਣੀ ਵਗਿਆ ਸੀ। ਰਾਵੀ ਦਰਿਆ ’ਚ 14.11 ਲੱਖ ਕਿਊਸਿਕ ਪਾਣੀ ਇੱਕ ਨਵਾਂ ਰਿਕਾਰਡ ਹੈ। ਮੁੱਢਲੀ ਪੜਤਾਲ ’ਚ ਸਪੱਸ਼ਟ ਹੋਇਆ ਹੈ ਕਿ ਰਾਵੀ ਦਰਿਆ ’ਚ ਆਏ ਅਣਕਿਆਸੇ ਪਾਣੀ ਕਾਰਨ ਬੰਨ੍ਹ ਟੁੱਟੇ ਹਨ ਅਤੇ ਪਾਣੀ ਨੇ ਫਲੱਡ ਗੇਟਾਂ ’ਤੇ ਵੀ ਪਿਛਲੇ ਦਿਨਾਂ ’ਚ ਅੱਠ-ਅੱਠ ਫੁੱਟ ਗਾਰ ਚੜ੍ਹਾ ਦਿੱਤੀ ਸੀ। ਪੰਜਾਬ ਸਰਕਾਰ ਨੇ ਅੱਜ ਗੁਰਦਾਸਪੁਰ ਕੈਨਾਲ ਦੇ ਐਕਸੀਅਨ ਨੂੰ ਚਾਰਜਸ਼ੀਟ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਵੱਲੋਂ ਮਾਧੋਪੁਰ ਹੈੱਡ ਵਰਕਸ ਦੇ ਫਲੱਡ ਗੇਟਾਂ ਦੀ ਸਮੇਂ ਸਿਰ ਢੁੱਕਵੀਂ ਜਾਂਚ ਨਹੀਂ ਕੀਤੀ। ਪੜਤਾਲ ’ਚ ਇਹ ਗੱਲ ਆਈ ਹੈ ਕਿ ਰਾਵੀ ਦਰਿਆ ’ਤੇ ਬਣਿਆ ਧੁੱਸੀ ਬੰਨ੍ਹ ਵੀ ਪਾਣੀ ਦੀ ਆਮਦ ਨੂੰ ਠੱਲ੍ਹ ਨਹੀਂ ਸਕਿਆ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੀ ਪਠਾਨਕੋਟ ’ਚ ਸਥਿਤੀ ਦਾ ਜਾਇਜ਼ਾ ਲਿਆ ਹੈ।
ਵੇਰਵਿਆਂ ਅਨੁਸਾਰ ਰਾਵੀ ਦਰਿਆ ’ਚ ਔਸਤਨ ਪਾਣੀ 4.50 ਲੱਖ ਕਿਊਸਿਕ ਵਗਦਾ ਰਿਹਾ ਹੈ ਅਤੇ ਧੁੱਸੀ ਬੰਨ੍ਹ ਵੀ ਇਸ ਔਸਤਨ ਦੇ ਲਿਹਾਜ਼ ਨਾਲ ਡਿਜ਼ਾਈਨ ਕੀਤਾ ਗਿਆ ਹੈ। ਰਾਵੀ ’ਚ ਪਾਣੀ ਦੀ ਮਾਤਰਾ ਕਈ ਗੁਣਾ ਵਧ ਗਈ ਜੋ ਧੁੱਸੀ ਬੰਨ੍ਹ ਦੇ ਟੁੱਟਣ ਦਾ ਕਾਰਨ ਬਣਿਆ ਹੈ। ਜਾਣਕਾਰੀ ਅਨੁਸਾਰ ‘ਅਪਰੇਸ਼ਨ ਸਿੰਧੂਰ’ ਮਗਰੋਂ ਪਾਕਿਸਤਾਨ ਵੱਲ ਪਾਣੀ ਜਾਣ ਤੋਂ ਰੋਕਣ ਵਾਸਤੇ ਸਖ਼ਤ ਹਦਾਇਤਾਂ ਸਨ ਜਿਸ ਕਰਕੇ ਮਾਧੋਪੁਰ ਹੈੱਡ ਵਰਕਸ ਦੇ ਫਲੱਡ ਗੇਟਾਂ ਨੂੰ ਪੂਰੀ ਤਰ੍ਹਾਂ ਟਾਈਟ ਕੀਤਾ ਗਿਆ। ਜਦੋਂ ਹੁਣ ਰਾਵੀ ਦਰਿਆ ’ਚ ਪਾਣੀ ਵਧਣ ਕਰਕੇ ਫਲੱਡ ਗੇਟ ਖੋਲ੍ਹਣ ਦੇ ਯਤਨ ਕੀਤੇ ਗਏ ਤਾਂ ਮੁਸ਼ਕਲਾਂ ਪੇਸ਼ ਆਈਆਂ। ਜਲ ਸਰੋਤ ਵਿਭਾਗ ਦਾ ਇੱਕ ਚਾਰਜਮੈਨ ਵੀ ਇਸ ਮੌਕੇ ਲਾਪਤਾ ਹੋ ਗਿਆ ਜਦਕਿ 60 ਦੇ ਕਰੀਬ ਮੁਲਾਜ਼ਮਾਂ ਤੇ ਅਫ਼ਸਰਾਂ ਨੂੰ ਭਾਰਤੀ ਫ਼ੌਜ ਦੀ ਮਦਦ ਨਾਲ ਸੁਰੱਖਿਅਤ ਕੱਢਿਆ ਗਿਆ ਸੀ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਵੱਲ ਪਾਣੀ ਜਾਣ ਤੋਂ ਰੋਕਣ ਵਾਸਤੇ ਮਾਧੋਪੁਰ ਹੈੱਡ ਵਰਕਸ ਲਈ ਕੋਈ ਵਿਸ਼ੇਸ਼ ਗਰਾਂਟ ਜਾਰੀ ਨਹੀਂ ਕੀਤੀ ਗਈ। ਪੰਜਾਬ ਸਰਕਾਰ ਨੇ ਕੇਂਦਰ ਤੋਂ ਪਿਛਲੇ ਸਮੇਂ ਦੌਰਾਨ ਫ਼ੰਡਾਂ ਦੀ ਮੰਗ ਜ਼ਰੂਰ ਕੀਤੀ ਸੀ।