ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਸਰਦਾਰ ਵੱਲਭ ਭਾਈ ਪਟੇਲ ਨੂੰ ਭਾਰਤ ’ਚ ਕਸ਼ਮੀਰ ਦਾ ਰਲੇਵਾਂ ਕਰਨ ਤੋਂ ਰੋਕਿਆ ਸੀ।
ਏਕਤਾ ਨਗਰ ਸਥਿਤ ਸਟੈਚੂ ਆਫ ਯੂਨਿਟੀ ’ਤੇ ਸਰਦਾਰ ਪਟੇਲ ਦੀ 150ਵੀਂ ਜੈਅੰਤੀ ਮੌਕੇ ਕਰਵਾਏ ਕੌਮੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਦੀ ‘ਗਲਤੀ’ ਕਾਰਨ ਕਸ਼ਮੀਰ ’ਚ ਦਹਾਕਿਆਂ ਤੱਕ ਬਦਅਮਨੀ ਤੇ ਖੂਨ-ਖਰਾਬਾ ਹੋਇਆ। ਪ੍ਰਧਾਨ ਮੰਤਰੀ ਨੇ ਅਪਰੇਸ਼ਨ ਸਿੰਧੂਰ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੁਨੀਆ ਨੇ ਦੇਖਿਆ ਹੈ ਕਿ ਜੇ ਚੁਣੌਤੀ ਦਿੱਤੀ ਗਈ ਤਾਂ ਭਾਰਤ ‘ਦੁਸ਼ਮਣ ਦੀ ਧਰਤੀ ’ਤੇ ਹਮਲਾ’ ਕਰੇਗਾ। ਦੇਸ਼ ਆਪਣੀ ਸੁਰੱਖਿਆ ਤੇ ਸਨਮਾਨ ਨਾਲ ਕਦੀ ਸਮਝੌਤਾ ਨਹੀਂ ਕਰੇਗਾ ਅਤੇ ਇਹ ‘ਲੋਹ ਪੁਰਸ਼ ਸਰਦਾਰ ਪਟੇਲ ਦਾ ਭਾਰਤ’ ਹੈ। ਉਨ੍ਹਾਂ ਘੁਸਪੈਠ ਦਾ ਮੁੱਦਾ ਵੀ ਚੁੱਕਿਆ ਤੇ ਉਸ ਨੂੰ ਕੌਮੀ ਏਕਤਾ ਤੇ ਆਬਾਦੀ ਤਵਾਜ਼ਨ ਲਈ ‘ਗੰਭੀਰ ਖਤਰਾ’ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਕਮਜ਼ੋਰ ਨੀਤੀਆਂ ਕਾਰਨ ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠ ਚਲਾ ਗਿਆ ਜਿਸ ਨੇ ਬਾਅਦ ਵਿੱਚ ਸਰਕਾਰ ਦੀ ਸ਼ਹਿ-ਪ੍ਰਾਪਤ ਅਤਿਵਾਦ ਨੂੰ ਹੁਲਾਰਾ ਦਿੱਤਾ। ਕਸ਼ਮੀਰ ਤੇ ਦੇਸ਼ ਨੇ ਇਸ ਦੀ ਭਾਰੀ ਕੀਮਤ ਚੁਕਾਈ ਹੈ। ਫਿਰ ਵੀ ਕਾਂਗਰਸ ਹਮੇਸ਼ਾ ਅਤਿਵਾਦ ਅੱਗੇ ਝੁਕੀ ਰਹੀ। ਮੋਦੀ ਨੇ ਦੇਸ਼ ਦਾ ਆਬਾਦੀ ਤਵਾਜ਼ਨ ਵਿਗਾੜਨ ਲਈ ਘੁਸਪੈਠ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਪਹਿਲੀ ਵਾਰ ਦੇਸ਼ ਨੇ ਇਸ ਖਤਰੇ ਖ਼ਿਲਾਫ਼ ਫ਼ੈਸਲਾਕੁਨ ਲੜਾਈ ਲੜਨ ਤੇ ਇਨ੍ਹਾਂ ਨੂੰ ਆਪਣੀ ਧਰਤੀ ਤੋਂ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਹੈ।
ਮੋਦੀ ਨੇ ਪਟੇਲ ਦਾ ਸੁਫਨਾ ਪੂਰਾ ਕੀਤਾ: ਸ਼ਾਹ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਜੰਮੂ ਕਸ਼ਮੀਰ ’ਚੋਂ ਧਾਰਾ-370 ਹਟਾ ਕੇ ਸਰਦਾਰ ਵੱਲਭ ਭਾਈ ਪਟੇਲ ਦਾ ‘ਇੱਕ ਭਾਰਤ’ ਦਾ ਸੁਫਨਾ ਪੂਰਾ ਕੀਤਾ ਹੈ। ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ’ਚ ‘ਰਨ ਫਾਰ ਯੂਨਿਟੀ’ ਨੂੰ ਹਰੀ ਝੰਡੀ ਦਿਖਾਉਂਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਸਰਦਾਰ ਪਟੇਲ ਨੂੰ ਉਹ ਸਨਮਾਨ ਨਹੀਂ ਦਿੱਤਾ ਜਿਸ ਦੇ ਉਹ ਹੱਕਦਾਰ ਸਨ। -ਪੀਟੀਆਈ
ਆਰ ਐੱਸ ਐੱਸ ’ਤੇ ਪਾਬੰਦੀ ਲਾਈ ਜਾਵੇ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਕਿਹਾ ਕਿ ਉਨ੍ਹਾਂ ਦਾ ਨਿੱਜੀ ਤੌਰ ’ਤੇ ਮੰਨਣਾ ਹੈ ਕਿ ਆਰ ਐੱਸ ਐੱਸ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਦੇਸ਼ ਅੰਦਰ ਅਮਨ ਤੇ ਕਾਨੂੰਨ ਦੀਆਂ ਸਮੱਸਿਆਵਾਂ ਭਾਜਪਾ-ਆਰ ਐੱਸ ਐੱਸ ਕਾਰਨ ਪੈਦਾ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰੀ ਕਰਮਚਾਰੀਆਂ ਨੂੰ ਆਰ ਐੱਸ ਐੱਸ ਨਾਲ ਜੁੜਨ ਦੀ ਇਜਾਜ਼ਤ ਦੇ ਕੇ ਸਰਦਾਰ ਪਟੇਲ ਦੀ ਵਿਰਾਸਤ ਦਾ ਅਪਮਾਨ ਕੀਤਾ ਹੈ। ਸ੍ਰੀ ਖੜਗੇ ਨੇ ਪਟੇਲ ਦੀ ਜੈਅੰਤੀ ਮੌਕੇ ਪਾਰਟੀ ’ਤੇ ਹਮਲਾ ਕਰਨ ਵਾਲੇ ਸ੍ਰੀ ਮੋਦੀ ਨੂੰ ਜਵਾਬ ਦਿੱਤਾ ਅਤੇ 1948 ’ਚ ਮਹਾਤਮਾ ਗਾਂਧੀ ਦੀ ਹੱਤਿਆ ਮਗਰੋਂ ਆਰ ਐੱਸ ਐੱਸ ਦੀ ਆਲੋਚਨਾ ਕਰਨ ਵਾਲੇ ਪਟੇਲ ਦੇ ਬਿਆਨ ਦਾ ਹਵਾਲਾ ਦਿੱਤਾ। ਆਰ ਐੱਸ ਐੱਸ ’ਤੇ ਮੁੜ ਪਾਬੰਦੀ ਲਾਉਣ ਦੇ ਸਵਾਲ ’ਤੇ ਖੜਗੇ ਨੇ ਕਿਹਾ, ‘‘ਅਜਿਹਾ ਹੋਣਾ ਚਾਹੀਦਾ ਹੈ ਕਿਉਂਕਿ ਜ਼ਿਆਦਾਤਰ ਮਸਲੇ ਅਤੇ ਅਮਨ-ਕਾਨੂੰਨ ਦੀਆਂ ਸਮੱਸਿਆਵਾਂ ਭਾਜਪਾ-ਆਰ ਐੱਸ ਐੱਸ ਕਾਰਨ ਪੈਦਾ ਹੋ ਰਹੀਆਂ ਹਨ।’’
ਸ੍ਰੀ ਖੜਗੇ ਨੇ ਅਹਿਮਦਾਬਾਦ ’ਚ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਬਰਤਾਨਵੀ ਹੈਟ ਪਹਿਨ ਕੇ ਮੰਚ ’ਤੇ ਇਕੱਲੇ ਬੈਠਣ ’ਤੇ ਤਨਜ਼ ਕਸਦਿਆਂ ਕਿਹਾ, ‘‘ਮੈਂ ਹੈਰਾਨ ਹਾਂ ਕਿ ਪਟੇਲ ਦੀ ਜੈਅੰਤੀ ਮੌਕੇ ਸਮਾਗਮ ਦੌਰਾਨ ਉਹ (ਮੋਦੀ) ਬਰਤਾਨਵੀ ਹੈਟ ਪਹਿਨ ਕੇ ਮੰਚ ’ਤੇ ਇਕੱਲੇ ‘ਰਾਜੇ’ ਵਾਂਗ ਬੈਠੇ ਹੋਏ ਸਨ। ਉਨ੍ਹਾਂ ਨਾਲ ਨਾ ਮੁੱਖ ਮੰਤਰੀ ਤੇ ਨਾ ਹੀ ਗ੍ਰਹਿ ਮੰਤਰੀ ਸਨ।’’ -ਪੀਟੀਆਈ

