ਨਵੀਂ ਦਿੱਲੀ, 14 ਜੂਨ
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਦੇ ਨਤੀਜੇ ਐਲਾਨ ਦਿੱਤੇ ਹਨ। ਇਨ੍ਹਾਂ ਨਤੀਜਿਆਂ ਵਿੱਚ ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਪਹਿਲਾ ਸਥਾਨ ਅਤੇ ਮੱਧ ਪ੍ਰਦੇਸ਼ ਦੇ ਉਤਕਰਸ਼ ਅਵਧੀਆ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਇਸ ਪ੍ਰੀਖਿਆ ਵਿੱਚ ਟੈਸਟ ਦੇਣ ਵਾਲੇ 22.09 ਲੱਖ ਪ੍ਰੀਖਿਆਰਥੀਆਂ ਵਿੱਚੋਂ 12.36 ਲੱਖ ਨੇ ਸਫਲਤਾ ਹਾਸਲ ਕੀਤੀ ਹੈ। ਇਹ ਗਿਣਤੀ ਪਿਛਲੇ ਸਾਲ ਦੇ ਪਾਸ ਹੋਣ ਵਾਲੇ ਵਿਦਿਆਰਥੀਆਂ 13.15 ਲੱਖ ਨਾਲੋਂ ਘੱਟ ਹੈ। ਪਿਛਲੇ ਸਾਲ ਇਹ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਪਗ 23.33 ਲੱਖ ਸੀ ਜੋ ਕਿ ਇਸ ਸਾਲ ਨਾਲੋਂ ਵੱਧ ਹੈ।
ਮਹਾਰਾਸ਼ਟਰ ਦੇ ਕ੍ਰਿਸ਼ਾਂਗ ਜੋਸ਼ੀ ਅਤੇ ਦਿੱਲੀ ਦੇ ਮ੍ਰਿਨਾਲ ਕਿਸ਼ੋਰ ਝਾਅ ਨੇ ਕ੍ਰਮਵਾਰ ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ। ਦਿੱਲੀ ਦੀ ਅਵਿਕਾ ਅਗਰਵਾਲ ਪੰਜਵਾਂ ਸਥਾਨ ਹਾਸਲ ਕਰ ਕੇ ਲੜਕੀਆਂ ਵਿੱਚੋਂ ਮੋਹਰੀ ਰਹੀ ਹੈ।
ਇਸ ਪ੍ਰੀਖਿਆ ’ਚ ਸਭ ਤੋਂ ਵੱਧ ਸਫ਼ਲ ਹੋਣ ਵਾਲੇ 1.70 ਲੱਖ ਵਿਦਿਆਰਥੀ ਉੱਤਰ ਪ੍ਰਦੇਸ਼ ਦੇ ਹਨ। ਉਸ ਤੋਂ ਬਾਅਦ ਮਹਾਰਾਸ਼ਟਰ ਦੇ 1.25 ਲੱਖ ਅਤੇ ਰਾਜਸਥਾਨ ਦੇ 1.19 ਲੱਖ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਸਫਲਤਾ ਹਾਸਲ ਕੀਤੀ ਹੈ।
ਨੀਟ-ਯੂਜੀ, ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਦਾਖਲਾ ਪ੍ਰੀਖਿਆ ਹੈ। ਇਹ ਪ੍ਰੀਖਿਆ ਐੱਨਟੀਏ ਵੱਲੋਂ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈਣ ਲਈ ਹਰੇਕ ਸਾਲ ਲਈ ਜਾਂਦੀ ਹੈ।
ਐੱਮਬੀਬੀਐੱਸ ਕੋਰਸ ਲਈ ਕੁੱਲ 1,08,000 ਸੀਟਾਂ ਹਨ, ਜਿਨ੍ਹਾਂ ਵਿੱਚੋਂ ਲਗਪਗ 56,000 ਸਰਕਾਰੀ ਹਸਪਤਾਲਾਂ ਲਈ ਅਤੇ 52,000 ਦੇ ਕਰੀਬ ਸੀਟਾਂ ਪ੍ਰਾਈਵੇਟ ਕਾਲਜਾਂ ਲਈ ਹਨ। -ਪੀਟੀਆਈ