NEET-UG 2025: ਸੁਪਰੀਮ ਕੋਰਟ ਵੱਲੋਂ ਪ੍ਰਸ਼ਨ ਗ਼ਲਤ ਹੋਣ ਸਬੰਧੀ ਅਰਜ਼ੀ ਸੁਣਨ ਤੋਂ ਨਾਂਹ
ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੌਮੀ ਯੋਗਤਾ ਕਮ ਦਾਖ਼ਲਾ ਪ੍ਰੀਖਿਆ- ਗ੍ਰੈਜੂਏਸ਼ਨ (ਨੀਟ-ਯੂਜੀ) 2025 NEET-UG 2025 examination ਵਿੱਚ ਪੁੱਛੇ ਤਿੰਨ ਪ੍ਰਸ਼ਨਾਂ ਵਿੱਚ ‘ਗੰਭੀਰ ਗ਼ਲਤੀਆਂ’ ਸਨ। ਜਸਟਿਸ ਪੀਐੱਸ ਨਰਸਿਮਹਾ ਅਤੇ ਜਸਟਿਸ ਏਐੱਸ ਚੰਦੁਰਕਰ ਦੀ ਬੈਂਚ ਨੇ ਪਟੀਸ਼ਨਰ ਵੱਲੋਂ ਪੇਸ਼ ਵਕੀਲ ਨੂੰ ਸਬੰਧਤ ਹਾਈ ਕੋਰਟ ਦਾ ਰੁਖ਼ ਕਰਨ ਦਾ ਨਿਰਦੇਸ਼ ਦਿੱਤਾ।
ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਦੇਸ਼ ਦੇ ਸਰਕਾਰੀ ਅਤੇ ਨਿੱਜੀ ਮੈਡੀਕਲ ਸੰਸਥਾਵਾਂ ਵਿੱਚ ਐੱਮਬੀਬੀਐੱਸ, ਬੀਡੀਐੱਸ, ਏਵਾਈਯੂਐੱਸਐੱਚ ਅਤੇ ਹੋਰ ਸਬੰਧਤ ਕੋਰਸਾਂ ਵਿੱਚ ਦਾਖ਼ਲੇ ਲਈ ਨੀਟ-ਯੂਜੀ ਕਰਵਾਉਂਦੀ ਹੈ। ਪਟੀਸ਼ਨਰ ਦੇ ਵਕੀਲ ਨੇ ਦਲੀਲ ਦਿੱਤੀ, ‘‘ਇਹ (ਤਿੰਨ) ਪ੍ਰਸ਼ਨ ਬਿਲਕੁਲ ਗਲਤ ਸਨ। ਮੈਂ ਦੋ ਮਾਹਿਰਾਂ ਦੀ ਰਾਇ ਲਈ ਹੈ, ਜਿਨ੍ਹਾਂ ਨੇ ਮੇਰੀ ਗੱਲ ਦੀ ਪੁਸ਼ਟੀ ਕੀਤੀ ਹੈ।’’ ਵਕੀਲ ਨੇ ਦਾਅਵਾ ਕੀਤਾ ਕਿ ਇਨ੍ਹਾਂ ਤਿੰਨ ਪ੍ਰਸ਼ਨਾਂ ਕਾਰਨ ਪਟੀਸ਼ਨਰ ਲਈ 13 ਅੰਕਾਂ ਦਾ ਫ਼ਰਕ ਪੈਂਦਾ ਹੈ। ਬੈਂਚ ਨੇ ਕਿਹਾ ਕਿ ਪ੍ਰੀਖਿਆ ਪਹਿਲਾਂ ਹੀ ਖ਼ਤਮ ਹੋ ਚੁੱਕੀ। ਪਟੀਸ਼ਨਰ ਨੂੰ ਹਾਈ ਕੋਰਟ ਜਾਣ ਦਾ ਨਿਰਦੇਸ਼ ਦਿੱਤਾ।