ਐਮਰਜੈਂਸੀ ਦੇ ਸਬਕ ਪੂਰੀ ਤਰ੍ਹਾਂ ਸਮਝਣ ਦੀ ਲੋੜ: ਥਰੂਰ
ਤਿਰੂਵਨੰਤਪੁਰਮ, 10 ਜੁਲਾਈ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਐਮਰਜੈਂਸੀ ਨੂੰ ਭਾਰਤ ਦੇ ਇਤਿਹਾਸ ’ਚ ਕਾਲੇ ਦੌਰ ਵਜੋਂ ਯਾਦ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਇਸ ਤੋਂ ਮਿਲੇ ਸਬਕ ਪੂਰੀ ਤਰ੍ਹਾਂ ਸਮਝੇ ਜਾਣੇ ਚਾਹੀਦੇ ਹਨ ਅਤੇ ਲੋਕਤੰਤਰ ਦੇ ਰਾਖਿਆਂ ਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ। ਮਲਿਆਲਮ ਦੈਨਿਕ ‘ਦੀਪਿਕਾ’ ਵਿੱਚ ਅੱਜ ਐਮਰਜੈਂਸੀ ਬਾਰੇ ਪ੍ਰਕਾਸ਼ਿਤ ਇੱਕ ਲੇਖ ’ਚ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ 25 ਜੂਨ 1975 ਤੋਂ 21 ਮਾਰਚ 1977 ਵਿਚਾਲੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਲਾਨੀ ਐਮਰਜੈਂਸੀ ਦੇ ਕਾਲੇ ਦੌਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਅਨੁਸ਼ਾਸਨ ਤੇ ਪ੍ਰਬੰਧ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਅਕਸਰ ਜ਼ਾਲਿਮਾਨਾ ਗਤੀਵਿਧੀਆਂ ’ਚ ਬਦਲ ਜਾਂਦੀਆਂ ਹਨ ਜਿਨ੍ਹਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਸੀ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਨੇ ਲਿਖਿਆ, ‘ਇੰਦਰਾ ਗਾਂਧੀ ਦੇ ਪੁੱਤਰ ਸੰਜੈ ਗਾਂਧੀ ਨੇ ਜਬਰੀ ਨਸਬੰਦੀ ਮੁਹਿੰਮ ਚਲਾਈ ਜੋ ਇਸ ਦੀ ਗੰਭੀਰ ਮਿਸਾਲ ਬਣ ਗਈ। ਪੱਛੜੇ ਇਲਾਕਿਆਂ ’ਚ ਮਨਮਰਜ਼ੀ ਦੇ ਟੀਚੇ ਹਾਸਲ ਕਰਨ ਲਈ ਹਿੰਸਾ ਤੇ ਤਾਕਤ ਦੀ ਵਰਤੋਂ ਕੀਤੀ ਗਈ। ਨਵੀਂ ਦਿੱਲੀ ਜਿਹੇ ਸ਼ਹਿਰਾਂ ’ਚ ਝੁੱਗੀਆਂ ਨੂੰ ਬੇਰਹਿਮੀ ਨਾਲ ਤਬਾਹ ਕਰਕੇ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਗਿਆ। ਹਜ਼ਾਰਾਂ ਲੋਕ ਬੇਘਰ ਹੋ ਗਏ। ਉਨ੍ਹਾਂ ਦੀ ਭਲਾਈ ਵੱਲ ਧਿਆਨ ਨਹੀਂ ਦਿੱਤਾ ਗਿਆ।’
ਉਨ੍ਹਾਂ ਕਿਹਾ ਕਿ ਲੋਕੰਤਤਰ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਹਲਕੇ ’ਚ ਲਿਆ ਜਾਵੇ। ਇਹ ਇੱਕ ਅਨਮੋਲ ਵਿਰਾਸਤ ਹੈ ਜਿਸ ਨੂੰ ਲਗਾਤਾਰ ਸੰਭਾਲਿਆ ਜਾਣਾ ਚਾਹੀਦਾ ਹੈ। ਥਰੂਰ ਨੇ ਚਿਤਾਵਨੀ ਦਿੱਤੀ ਕਿ ਸੱਤਾ ਨੂੰ ਕੇਂਦਰੀਕ੍ਰਿਤ ਕਰਨ, ਅਸਹਿਮਤੀ ਨੂੰ ਦਬਾਉਣ ਤੇ ਸੰਵਿਧਾਨਕ ਰੱਖਿਆ ਦੇ ਉਪਾਵਾਂ ਨੂੰ ਦਰਕਿਨਾਰ ਕਰਨ ਦੀ ਪ੍ਰਵਿਰਤੀ ਵੱਖ ਵੱਖ ਰੂਪਾਂ ’ਚ ਮੁੜ ਉੱਭਰ ਸਕਦੀ ਹੈ। ਉਨ੍ਹਾਂ ਕਿਹਾ, ‘ਅਕਸਰ ਅਜਿਹੀਆਂ ਪ੍ਰਵਿਰਤੀਆਂ ਨੂੰ ਕੌਮੀ ਹਿੱਤ ਤੇ ਸਥਿਰਤਾ ਦੇ ਨਾਂ ’ਤੇ ਜਾਇਜ਼ ਠਹਿਰਾਇਆ ਜਾ ਸਕਦਾ ਹੈ। ਇਸ ਲਿਹਾਜ਼ ਨਾਲ ਐਮਰਜੈਂਸੀ ਇੱਕ ਸਖ਼ਤ ਚਿਤਾਵਨੀ ਹੈ। ਲੋਕਤੰਤਰ ਦੇ ਰਾਖਿਆਂ ਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ।’ -ਪੀਟੀਆਈ