ਨਿੱਝਰ ਮਾਮਲੇ ’ਚ ਟਿੱਪਣੀ ਤੋਂ ਸਾਵਧਾਨ ਰਹਿਣ ਦੀ ਲੋੜ: ਕਾਰਨੀ
ਕਨਾਨਸਕਿਸ (ਕੈਨੇਡਾ), 18 ਜੂਨ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ (Mark Carney) ਨੇ ਕਿਹਾ ਹੈ ਕਿ ਖਾਲਿਸਤਾਨੀ ਪੱਖੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਅਦਾਲਤ ਵਿਚ ਵਿਚਾਰਧੀਨ ਹੋਣ ਕਰਕੇ ਉਨ੍ਹਾਂ ਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਕਾਰਨੀ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਉਨ੍ਹਾਂ ਜੀ7 ਸਿਖਰ ਸੰਮੇਲਨ ਦੌਰਾਨ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਨਿੱਝਰ ਹੱਤਿਆ ਮਾਮਲੇ ਬਾਰੇ ਗੱਲਬਾਤ ਕੀਤੀ ਸੀ।
ਕਾਰਨੀ ਨੇ ਕਿਹਾ, ‘‘ਮੈਂ ਅਤੇ ਪ੍ਰਧਾਨ ਮੰਤਰੀ ਨੇ ਕਾਨੂੰਨ ਦੀ ਮਹੱਤਤਾ, ਸਿੱਧਾ ਸਹਿਯੋਗ ਸਮੇਤ ਹੋਰ ਵਿਸ਼ਿਆਂ ਬਾਰੇ ਚਰਚਾ ਕੀਤੀ ਸੀ। ਨਿੱਝਰ ਮਾਮਲਾ ਅਦਾਲਤ ਵਿਚ ਵਿਚਾਰਧੀਨ ਹੈ। ਇਸ ਲਈ ਮੈਨੂੰ ਇਸ ਬਾਰੇ ਟਿੱਪਣੀ ਕਰਨ ਤੋਂ ਚੌਕਸ ਰਹਿਣ ਦੀ ਲੋੜ ਹੈ।’’ ਗੌਰਤਲਬ ਹੈ ਕਿ ਸਤੰਬਰ 2023 ਵਿਚ ਤੱਤਕਾਲੀ ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਹੱਤਿਆ ਮਾਮਲੇ ਵਿੱਚ ਕਥਿਤ ਭਾਰਤ ਦੀ ਸ਼ਮੂਲੀਅਤ ਬਾਰੇ ਦੋਸ਼ ਲਾਏ ਸਨ, ਜਿਸ ਮਗਰੋਂ ਭਾਰਤ ਤੇ ਕੈਨੇਡਾ ਵਿਚਾਲੇ ਰਿਸ਼ਤੇ ਵਿਗੜ ਗਏ ਸਨ।
ਮੰਗਲਵਾਰ ਨੂੰ ਕਨਾਨਸਕਿਸ ਵਿੱਚ ਜੀ7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਕਾਰਨੀ ਦੀ ਮੁਲਾਕਾਤ ਤੋਂ ਬਾਅਦ ਭਾਰਤ ਅਤੇ ਕੈਨੇਡਾ ਇੱਕ-ਦੂਜੇ ਦੇ ਮੁਲਕਾਂ ਵਿਚ ਹਾਈ ਕਮਿਸ਼ਨਰਾਂ ਦੀ ਛੇਤੀ ਬਹਾਲੀ ਲਈ ਸਹਿਮਤ ਹੋ ਗਏ ਹਨ। -ਪੀਟੀਆਈ