ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਸਮਾਜ ਤੇ ਕਿਰਤ ਬਾਜ਼ਾਰ ’ਤੇ ਉੱਭਰਦੀਆਂ ਤਕਨਾਲੋਜੀਆਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਦਾ ਰੁਜ਼ਗਾਰ ਦੇ ਮੌਕਿਆਂ ’ਤੇ ਉਲਟਾ ਪ੍ਰਭਾਵ ਨਾ ਪਵੇ। ਭਾਰਤੀ ਮਜ਼ਦੂਰ ਸੰਘ ਫਾਊਂਡੇਸ਼ਨ ਦੇ 70 ਸਾਲ ਪੂਰੇ ਹੋਣ ਸਬੰਧੀ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਗੈਰ-ਸੰਗਠਿਤ ਖੇਤਰ ਵੱਲ ਵਧੇਰੇ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਕਾਮਿਆਂ ਦਾ ਉਨ੍ਹਾਂ ਦੇ ਰੁਜ਼ਗਾਰਦਾਤਾਵਾਂ ਵੱਲੋਂ ਸ਼ੋਸ਼ਣ ਨਾ ਕੀਤਾ ਜਾ ਸਕੇ।ਇਸ ਪ੍ਰੋਗਰਾਮ ਵਿੱਚ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਮਨਸੁੱਖ ਮਾਂਡਵੀਆ, ਵੱਖ ਵੱਖ ਮਜ਼ਦੂਰ ਜਥੇਬੰਦੀਆਂ ਦੇ ਡੈਲੀਗੇਟਾਂ ਅਤੇ ਵੱਖ ਵੱਖ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਭਾਗਵਤ ਨੇ ਮਸਨੂਈ ਬੌਧਿਕਤਾ (ਏਆਈ) ਅਤੇ ਇਸ ਦੇ ਇਸਤੇਮਾਲ ਨਾਲ ਜੁੜੀਆਂ ਚਿੰਤਾਵਾਂ ਦਾ ਸਪੱਸ਼ਟ ਸੰਦਰਭ ਦਿੰਦੇ ਹੋਏ ਕਿਹਾ, ‘‘ਤਕਨਾਲੋਜੀ ਆ ਰਹੀ ਹੈ...ਜਦੋਂ ਨਵੀਆਂ ਤਕਨਾਲੋਜੀਆਂ ਆਉਂਦੀਆਂ ਹਨ ਤਾਂ ਉਹ ਨਾਲ ਕਈ ਨਵੇਂ ਸਵਾਲ ਵੀ ਲੈ ਕੇ ਆਉਂਦੀਆਂ ਹਨ। ਬੇਰੁਜ਼ਗਾਰੀ ਦਾ ਕੀ ਹੋਵੇਗਾ? ਕੀ ਇਸ ਨਾਲ ਬੇਰੁਜ਼ਗਾਰੀ ਘਟੇਗੀ ਜਾਂ ਵਧੇਗੀ?’’ਉਨ੍ਹਾਂ ਕਿਹਾ ਕਿ ਤਕਨਾਲੋਜੀ ਮਨੁੱਖੀ ਸੁਭਾਅ ਨੂੰ ‘ਕੁਝ ਹੱਦ ਤੱਕ ਸਖ਼ਤ’ ਬਣਾ ਦਿੰਦੀ ਹੈ ਅਤੇ ‘ਕਿਧਰੇ ਨਾ ਕਿਧਰੇ’ ਕਿਰਤ ਪ੍ਰਤੀ ਸਨਮਾਨ ਨੂੰ ਘੱਟ ਕਰ ਦਿੰਦੀ ਹੈ। ਸੰਘ ਮੁਖੀ ਨੇ ਕਿਹਾ, ‘‘ਤਕਨਾਲੋਜੀ ਨੂੰ ਅਸਵੀਕਾਰ ਨਹੀਂ ਕੀਤਾ ਜਾ ਸਕਦਾ। ਨਵੀਂ ਤਕਨਾਲੋਜੀ ਆਵੇਗੀ ਪਰ ਇਸ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਦਾ ਕਿਰਤ ਖੇਤਰ ’ਤੇ ਪ੍ਰਭਾਵ ਨਾ ਪਵੇ, ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਨਵੀਆਂ ਤਕਨਾਲੋਜੀਆਂ ਦੇ ਇਸਤੇਮਾਲ ਨਾਲ ਸਮਾਜ ਵਿੱਚ ਕਈ ਸਮੱਸਿਆਵਾਂ ਪੈਦਾ ਹੋਣ ਦੀ ਬਜਾਏ, ਖੁਸ਼ਹਾਲੀ ਆਉਣੀ ਚਾਹੀਦੀ ਹੈ। ਇਸ ਵਾਸਤੇ ਇਸ ਮੁੱਦੇ ’ਤੇ ਵਿਚਾਰ ਕਰਨ ਅਤੇ ਕਾਰਵਾਈ ਕਰਨ ਦੀ ਲੋੜ ਹੈ। ਸਾਨੂੰ ਇਹ ਕਰਨਾ ਹੀ ਹੋਵੇਗਾ।’’ਬੀਐੱਮਐੱਸ ਨੇ ਆਪਣ ਕੰਮ ਦੇ ਸਭਿਆਚਾਰ ਨੂੰ ਭਾਰਤੀ ਜੀਵਨ ਸ਼ੈਲੀ ਮੁਤਾਬਕ ਤਿਆਰ ਕੀਤਾ: ਮਾਂਡਵੀਆਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ, ‘‘ਵੱਖ ਵੱਖ ਮਜ਼ਦੂਰ ਜਥੇਬੰਦੀਆਂ ਦਾ ਕੰਮ ਕਰਨ ਦਾ ਸਭਿਆਚਾਰ ਵੱਖ ਵੱਖ ਹੁੰਦਾ ਹੈ ਜੋ ਉਨ੍ਹਾਂ ਦੀਆਂ ਵਿਚਾਰਧਾਰਾਵਾਂ ਮੁਤਾਬਕ ਹੁੰਦਾ ਹੈ ਪਰ ਬੀਐੱਮਐੱਸ ਨੇ ਆਪਣੇ ਕੰਮ ਦੇ ਸਭਿਆਚਾਰ ਨੂੰ ਭਾਰਤੀ ਜੀਵਨ ਸ਼ੈਲੀ ਮੁਤਾਬਕ ਤਿਆਰ ਕੀਤਾ ਹੈ ਜੋ ਕਿ ਮੇਰੇ ਨਾਲ ਕਿਰਤ ਮੁੱਦਿਆਂ ਬਾਰੇ ਹੁੰਦੀ ਉਸ ਦੀ ਚਰਚਾ ਵਿੱਚ ਝਲਕਦਾ ਹੈ। ਮਾਂਡਵੀਆ ਨੇ ਆਸ ਪ੍ਰਗਟਾਈ ਕਿ ਭਾਰਤੀ ਮਜ਼ਦੂਰ ਸੰਘ ਪੂਰੀ ਊਰਜਾ ਨਾਲ ਮਜ਼ਦੂਰਾਂ ਅਤੇ ਦੇਸ਼ ਲਈ ਕੰਮ ਕਰੇਗਾ।