ਆਯੁਰਵੈਦ ਸਬੰਧੀ ਡੂੰਘਾਈ ਨਾਲ ਖੋਜ ਕਰਨ ਦੀ ਲੋੜ: ਮੁਰਮੂ
ਪੁਰੀ, 4 ਦਸੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਕਿਹਾ ਕਿ ਆਯੁਰਵੈਦ ਨਾਲ ਕਈ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ ਅਤੇ ਇਸ ਦੀ ਡੂੰਘਾਈ ਨਾਲ ਖੋਜ ਕਰਨ ਦੀ ਜ਼ਰੂਰਤ ਹੈ। ਇੱਥੇ ਗੋਪਬੰਧੂ ਆਯੁਰਵੈਦ ਕਾਲਜ ਦੇ 75ਵੇਂ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਕੋਈ ਵਿਅਕਤੀ ਯੋਗ ਅਤੇ ਕੁਦਰਤ ਨਾਲ ਜੁੜੇ ਰਹਿ ਕੇ ਜੀਵਨ ਭਰ ਰੋਗ ਮੁਕਤ ਰਹਿ ਸਕਦਾ ਹੈ। ਆਯੁਰਵੈਦ ਦੇ ਵਿਦਿਆਰਥੀਆਂ ਨੂੰ ਖੋਜ ਕਰਨ ਦਾ ਸੱਦਾ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ, ‘ਖੋਜ ਕਿਸੇ ਵੀ ਪ੍ਰਣਾਲੀ ਨੂੰ ਵਿਗਿਆਨਕ ਆਧਾਰ ਦੇਣ ਦੇ ਸਮਰੱਥ ਹੈ। ਸਬੂਤ ਲੋਕਾਂ ਵਿੱਚ ਭਰੋਸਾ ਪੈਦਾ ਕਰਦਾ ਹੈ ਅਤੇ ਇਹ ਭਰੋਸਾ ਕਿਸੇ ਚੀਜ਼ ਨੂੰ ਸਵੀਕਾਰ ਕਰਨ ਦਾ ਰਸਤਾ ਬਣਾਉਂਦਾ ਹੈ।’ ਮੁਰਮੂ ਨੇ ਕਿਹਾ ਕਿ ਉਹ ਕੁਝ ਬਿਮਾਰੀਆਂ ਦੇ ਇਲਾਜ ਲਈ ਆਦਿਵਾਸੀਆਂ ’ਚ ਮਸ਼ਹੂਰ ਕੁੱਝ ਇਲਾਜ ਦੇ ਤਰੀਕਿਆਂ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਕੁਝ ਬਜ਼ੁਰਗ ਆਦਿਵਾਸੀ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਲਈ ਲੋੜੀਂਦੀਆਂ ਜੜ੍ਹੀਆਂ ਬੂਟੀਆਂ ਬਾਰੇ ਜਾਣਦੇ ਹਨ। ਉਨ੍ਹਾਂ ਕਿਹਾ, ‘ਪਰ ਰਵਾਇਤੀ ਗਿਆਨ ਹੌਲੀ-ਹੌਲੀ ਲੋਪ ਹੋ ਰਿਹਾ ਹੈ। ਮੈਨੂੰ ਉਮੀਦ ਹੈ ਕਿ ਤੁਹਾਡੇ ’ਚੋਂ ਕੁਝ ਵਿਦਿਆਰਥੀ ਉਸ ਇਲਾਜ ਦੇ ਵਿਗਿਆਨਕ ਆਧਾਰ ਦੀ ਪੜਚੋਲ ਕਰਨ ਵਿੱਚ ਦਿਲਚਸਪੀ ਲੈਣਗੇ। ਅਜਿਹਾ ਕਰਨ ਨਾਲ ਇਸ ਪ੍ਰਣਾਲੀ ਲੋਪ ਹੋਣ ਤੋਂ ਬਚਾਈ ਜਾ ਸਕਦੀ ਹੈ ਅਤੇ ਇਹ ਸਮਾਜ ਲਈ ਵੀ ਲਾਹੇਵੰਦ ਹੋ ਸਕਦਾ ਹੈ।’ -ਪੀਟੀਆਈ