ਬਿਹਾਰ ’ਚ ਮੁੜ ਐੱਨ ਡੀ ਏ ਸਰਕਾਰ ਬਣੇਗੀ: ਮੋਦੀ
ਆਰ ਜੇ ਡੀ ਨੇ ਬਿਹਾਰ ਨੂੰ ਲੱਠਮਾਰਾਂ ਤੇ ਡਕੈਤਾਂ ਦੀ ਧਰਤੀ ’ਚ ਤਬਦੀਲ ਕਰ ਦਿੱਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਆਰ ਜੇ ਡੀ ਦੀ ਅਗਵਾਈ ਹੇਠਲੀ ਵਿਰੋਧੀ ਧਿਰ ਜੇ ਬਿਹਾਰ ਵਿੱਚ ਸੱਤਾ ’ਚ ਆਈ ਤਾਂ ਉਹ ਲੋਕਾਂ ਦੇ ਸਿਰ ’ਤੇ ‘ਕੱਟਾ’ (ਦੇਸੀ ਪਿਸਤੌਲ) ਰੱਖੇਗੀ ਅਤੇ ਉਨ੍ਹਾਂ ਨੂੰ ਹੱਥ ਉੱਪਰ ਕਰਨ ਦਾ ਹੁਕਮ ਦੇਵੇਗੀ। ਸੀਤਾਮੜ੍ਹੀ ਤੇ ਬੇਤੀਆ ’ਚ ਚੋਣ ਰੈਲੀਆਂ ’ਚ ਸ੍ਰੀ ਮੋਦੀ ਨੇ ਕਿਹਾ ਕਿ ਦੂਜੇ ਪਾਸੇ ਐੱਨ ਡੀ ਏ ਬਿਹਤਰ ਸਿੱਖਿਆ ਤੇ ਖੇਡਾਂ ਜਿਹੇ ਖੇਤਰਾਂ ’ਚ ਵਿਕਾਸ ਤੋਂ ਇਲਾਵਾ ਸਟਾਰਟਅੱਪ ਕਾਰੋਬਾਰਾਂ ਨੂੰ ਵੀ ਹੁਲਾਰਾ ਦੇਵੇਗਾ। ਮੋਦੀ ਨੇ ਪਿਛਲੇ ਮਹੀਨੇ ਸਮਸਤੀਪੁਰ ’ਚ ਆਪਣੀ ਚੋਣ ਰੈਲੀ ਯਾਦ ਕਰਦਿਆਂ ਕਿਹਾ, ‘‘ਮੈਂ ਭਾਰਤ ਰਤਨ ਕਰਪੂਰੀ ਠਾਕੁਰ ਦੀ ਜਨਮ ਭੂਮੀ ’ਤੇ ਰੈਲੀ ਨਾਲ ਚੋਣ ਮੁਹਿੰਮ ਸ਼ੁਰੂ ਕੀਤੀ ਸੀ। ਮੈਂ ਆਪਣੀ ਪ੍ਰਚਾਰ ਮੁਹਿੰਮ ਇੱਥੇ ਬੇਤੀਆ ’ਚ ਖਤਮ ਕਰ ਰਿਹਾ ਹਾਂ। ਇਹੀ ਉਹ ਥਾਂ ਹੈ ਜਿੱਥੇ ਬਾਪੂ ਮਹਾਤਮਾ ਗਾਂਧੀ ਬਣੇ ਸਨ ਪਰ ਇਹ ਮੁਹਿੰਮ ਭਲਕ ਤੱਕ ਜਾਰੀ ਰਹੇਗੀ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਬਿਹਾਰ ’ਚ ਨਵੀਂ ਐੱਨ ਡੀ ਏ ਸਰਕਾਰ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਮੁੜ ਆਵਾਂਗਾ। ‘ਅਸਲੀ ਕੰਮ’ 11 ਨਵੰਬਰ ਤੋਂ ਸ਼ੁਰੂ ਹੋਵੇਗਾ ਜਦੋਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਹੋਣੀ ਹੈ। ਕਿਰਪਾ ਕਰ ਕੇ ਯਕੀਨੀ ਬਣਾਓ ਕਿ ਐੱਨ ਡੀ ਏ ਨਾ ਸਿਰਫ਼ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰੇ ਸਗੋਂ ਸਾਰੇ ਵੋਟ ਕੇਂਦਰਾਂ ’ਤੇ ਲੀਡ ਬਣਾਏ।’’ ਉਨ੍ਹਾਂ ਦੋਸ਼ ਲਾਇਆ ਕਿ 2005 ਤੱਕ 15 ਸਾਲ ਤੱਕ ਸੂਬੇ ’ਤੇ ਰਾਜ ਕਰਨ ਵਾਲੀ ਆਰ ਜੇ ਡੀ ਨੇ ‘ਬਿਹਾਰ ਨੂੰ ਲੱਠਮਾਰਾਂ ਤੇ ਡਕੈਤਾਂ ਦੀ ਧਰਤੀ ’ਚ ਤਬਦੀਲ ਕਰ ਦਿੱਤਾ।’ ਮੋਦੀ ਨੇ ਕਿਹਾ, ‘‘ਮੈਨੂੰ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਆਰ ਜੇ ਡੀ ਬੱਚਿਆਂ ਤੋਂ ਕਹਾ ਰਹੀ ਹੈ ਕਿ ਵੱਡੇ ਹੋ ਕੇ ਉਹ ‘ਬਦਮਾਸ਼’ ਬਣਨਾ ਚਾਹੁੰਦੇ ਹਨ। ਬਿਹਾਰ ਯਕੀਨੀ ਤੌਰ ’ਤੇ ਅਜਿਹੀ ਸਰਕਾਰ ਨਹੀਂ ਚਾਹੁੰਦਾ ਜਿਸ ’ਚ ‘ਕੱਟਾ’, ‘ਜ਼ੁਲਮ’ ਤੇ ‘ਭ੍ਰਿਸ਼ਟਾਚਾਰ’ ਹੋਵੇ।’’

