ਹਿੰਸਾ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋ ਰਹੇ ਨੇ ਨਕਸਲੀ: ਮੁਰਮੂ
ਰਾਸ਼ਟਰਪਤੀ ਨੇ ‘ਜਨਜਾਤੀਯ ਗੌਰਵ ਦਿਵਸ’ ਸਮਾਗਮ ’ਚ ਸ਼ਮੂਲੀਅਤ ਕੀਤੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਨਕਸਲੀ ਹੁਣ ਹਿੰਸਾ ਦਾ ਰਾਹ ਛੱਡ ਕੇ ਮੁੱਖਧਾਰਾ ’ਚ ਸ਼ਾਮਲ ਹੋ ਰਹੇ ਹਨ। ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕੋਸ਼ਿਸ਼ਾਂ ਸਦਕਾ ਨੇੜ ਭਵਿੱਖ ’ਚ ਨਕਸਲਵਾਦ ਦਾ ਖ਼ਾਤਮਾ ਯਕੀਨੀ ਹੈ।
ਛੱਤੀਸਗੜ੍ਹ ਦੇ ਸੁਰਗੁਜਾ ਜ਼ਿਲ੍ਹੇ ਦੇ ਹੈੱਡਕੁਆਰਟਰ ਅੰਬਿਕਾਪੁਰ ਵਿੱਚ ‘ਜਨਜਾਤੀਯ ਗੌਰਵ ਦਿਵਸ’ ਸਮਾਗਮ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਦਿਵਾਸੀ ਸਮਾਜ ਨੂੰ ਹੋਰ ਭਾਈਚਾਰਿਆਂ ਨਾਲ ਕਦਮ ਮਿਲਾ ਕੇ ਅੱਗੇ ਵਧਣਾ ਚਾਹੀਦਾ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ, ‘‘ਛੱਤੀਸਗੜ੍ਹ ਸਣੇ ਪੂਰੇ ਮੁਲਕ ’ਚ ਲੋਕ (ਨਕਸਲੀ) ਖੱਬੇ ਪੱਖੀ ਕੱਟੜਵਾਦ ਦਾ ਰਾਹ ਛੱਡ ਰਹੇ ਹਨ ਅਤੇ ਮੁੱਖਧਾਰਾ ’ਚ ਸ਼ਾਮਲ ਹੋ ਰਹੇ ਹਨ। ਇਹ ਤਸੱਲੀ ਵਾਲੀ ਤਬਦੀਲੀ ਹੈ।’’ ਉਨ੍ਹਾਂ ਕਿਹਾ ਕਿ ਹਾਲ ਹੀ ਦੌਰਾਨ ਬਸਤਰ ਓਲੰਪਿਕ ’ਚ 1,65,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜੋ ਬੇਹੱਦ ਖੁਸ਼ੀ ਵਾਲੀ ਗੱਲ ਹੈ। ਰਾਸ਼ਟਰਪਤੀ ਨੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਛੱਤੀਸਗੜ੍ਹ ਦੇ ਲੋਕ ਸਮਰੱਥ, ਆਤਮ-ਨਿਰਭਰ ਤੇ ਵਿਕਸਤ ਭਾਰਤ ਦੇ ਨਿਰਮਾਣ ’ਚ ਅਹਿਮ ਯੋਗਦਾਨ ਪਾਉਣਗੇ।’’ ਉਨ੍ਹਾਂ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ’ਚ ਸ਼ਾਮਲ ਸੂਬੇ ਦੀ ਆਦਿਵਾਸੀ ਕ੍ਰਿਕਟਰ ਕਰਾਂਤੀ ਗੌੜ ਦਾ ਜ਼ਿਕਰ ਵੀ ਕੀਤਾ। ਸਮਾਗਮ ਮੌਕੇ ਰਾਜਪਾਲ ਰਮੇਨ ਡੇਕਾ, ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਤੇ ਸੂਬੇ ਤੇ ਹੋਰ ਮੰਤਰੀ ਮੌਜੂਦ ਸਨ।
ਆਈ ਟੀ ਬੀ ਪੀ ਨੂੰ ਸਰਵੋਤਮ ਨਕਸਲ ਵਿਰੋਧੀ ਬਟਾਲੀਅਨ ਦਾ ਇਨਾਮ
ਊਧਮਪੁਰ (ਜੰਮੂੁ ਕਸ਼ਮੀਰ): ਛੱਤੀਸਗੜ੍ਹ ’ਚ ਤਾਇਨਾਤ ਆਈ ਟੀ ਬੀ ਪੀ ਦੀ 27ਵੀਂ ਬਟਾਲੀਅਨ ਨੂੰ ਬਲ ਦੀ ਸਰਵੋਤਮ ਨਕਸਲਵਾਦ ਵਿਰੋਧੀ ਯੂਨਿਟ ਚੁਣਿਆ ਗਿਆ। ਨਕਸਲ ਵਿਰੋਧੀ ਮੁਹਿੰਮ ਦੌਰਾਨ ਇਸ ਬਟਾਲੀਅਨ ਨੇ ਦੋ ਨਕਸਲੀ ਕਮਾਂਡਰ ਮਾਰੇ ਸਨ ਅਤੇ ਮਾਰਚ 2026 ਤੱਕ ਨਕਸਲਵਾਦ ਖਤਮ ਕਰਨ ਦੇ ਕੇਂਦਰ ਦੇ ਅਹਿਦ ਮੁਤਾਬਕ ਸਥਾਨਕ ਲੋਕਾਂ ਨਾਲ ਜੁੜਨ ਲਈ ਭਲਾਈ ਸਕੀਮਾਂ ਚਲਾਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਆਈ ਟੀ ਬੀ ਪੀ ਦੇ ਡਾਇਰੈਕਟਰ ਜਨਰਲ ਪਰਵੀਨ ਕੁਮਾਰ ਨੇ ਇੱਥੇ ਸਮਾਗਮ ਦੌਰਾਨ 27ਵੀਂ ਬਟਾਲੀਅਨ ਦੇ ਅਹੁਦਾ ਛੱਡ ਰਹੇ ਕਮਾਂਡੈਂਟ ਵਿਵੇਕ ਕੁਮਾਰ ਪਾਂਡੇ ਤੇ ਨਵੇਂ ਕਮਾਂਡਰ ਬੀ ਪੀ ਬਦਾਯਾ ਨੂੰ ਵੱਕਾਰੀ ਟਰਾਫੀ ਤੇ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ।

