ਜਲ ਸੈਨਾ ਨੂੰ ਮਿਲੇਗਾ ਨਵਾਂ ਦੇਸੀ ਜੰਗੀ ਬੇੜਾ
2035 ਤੱਕ 200 ਤੋਂ ਵੱਧ ਜੰਗੀ ਜਹਾਜ਼ ਜਾਂ ਪਣਡੁੱਬੀਆਂ ਸ਼ਾਮਲ ਕਰਨ ਦਾ ਟੀਚਾ: ਤ੍ਰਿਪਾਠੀ
ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਕਿਹਾ ਕਿ ਹਰ 40 ਦਿਨਾਂ ਵਿੱਚ ਦੇਸ਼ ਵਿੱਚ ਬਣਿਆ ਨਵਾਂ ਜੰਗੀ ਬੇੜਾ ਜਾਂ ਪਣਡੁੱਬੀ ਜਲ ਸੈਨਾ ਵਿੱਚ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਵੱਖ-ਵੱਖ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਸਮੁੰਦਰੀ ਖੇਤਰ ਵਿੱਚ ਪ੍ਰਭੂਸੱਤਾ ਸਮਰੱਥਾ ਉਸਾਰੇ ਜਾਣ ਦੇ ਯਤਨਾਂ ’ਤੇ ਵੀ ਜ਼ੋਰ ਦਿੱਤਾ। ਐਡਮਿਰਲ ਤ੍ਰਿਪਾਠੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਨੇ ‘ਸਵੈ-ਨਿਰਭਰਤਾ’ ਨੂੰ ਨਾ ਸਿਰਫ਼ ਰਣਨੀਤਕ ਜ਼ਰੂਰਤ ਵਜੋਂ, ਸਗੋਂ ਭਵਿੱਖ ਦੇ ਭਰੋਸੇ ਲਈ ਨਿਵੇਸ਼ ਵਜੋਂ ਵੀ ਅਪਣਾਇਆ ਹੈ। ਬਲ ਦਾ ਉਦੇਸ਼ 2035 ਤੱਕ 200 ਤੋਂ ਵੱਧ ਜੰਗੀ ਜਹਾਜ਼ ਅਤੇ ਪਣਡੁੱਬੀਆਂ ਸ਼ਾਮਲ ਕਰਨਾ ਹੈ। ‘ਭਾਰਤ ਸ਼ਕਤੀ’ ਵੱਲੋਂ ਕਰਵਾਏ ‘ਭਾਰਤ ਰੱਖਿਆ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਜਲ ਸੈਨਾ ਮੁਖੀ ਨੇ ਕਿਸੇ ਵੀ ਸਮੁੰਦਰੀ ਤਾਕਤ ਲਈ ਸਵੈ-ਨਿਰਭਰਤਾ, ਤਾਲਮੇਲ ਅਤੇ ਸੁਰੱਖਿਆ ਦੀ ਤਿੰਨ ਮੁੱਖ ਥੰਮ੍ਹਾਂ ਵਜੋਂ ਨਿਸ਼ਾਨਦੇਹੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਆਪਣੀ ਸਮੁੱਚੀ ਤਾਕਤ ਵਧਾਉਣ ਦੀ ਦਿਸ਼ਾ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ, ‘‘ਔਸਤਨ, ਹਰ 40 ਦਿਨਾਂ ਵਿੱਚ ਦੇਸ਼ ਵਿੱਚ ਬਣਿਆ ਇੱਕ ਨਵਾਂ ਜੰਗੀ ਬੇੜਾ ਜਾਂ ਪਣਡੁੱਬੀ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤੀ ਜਾ ਰਹੀ ਹੈ। ਅਸੀਂ 2035 ਤੱਕ 200 ਤੋਂ ਵੱਧ ਜਹਾਜ਼ਾਂ ਵਾਲੀ ਜਲ ਸੈਨਾ ਬਣਨਾ ਚਾਹੁੰਦੇ ਹਾਂ, ਇਸ ਲਈ ਸਾਡੇ ਸਾਰੇ 52 ਜਹਾਜ਼, ਜਿਨ੍ਹਾਂ ਦਾ ਹੁਣ ਆਰਡਰ ਦਿੱਤਾ ਗਿਆ ਹੈ, ਭਾਰਤ ਵਿੱਚ ਬਣਾਏ ਜਾ ਰਹੇ ਹਨ।’’ ਭਾਰਤੀ ਜਲ ਸੈਨਾ ਕੋਲ ਇਸ ਸਮੇਂ ਲਗਪਗ 145 ਜਹਾਜ਼ ਅਤੇ ਪਣਡੁੱਬੀਆਂ ਹਨ।

